ਮਨਿੰਦਰਜੀਤ ਸਿੱਧੂ
ਜੈਤੋ, 28 ਜੂਨ 2020 - ਸੀਨੀਅਰ ਪੁਲਿਸ ਕਪਤਾਨ ਫ਼ਰੀਦਕੋਟ ਸ੍ਰੀ ਸਵਰਨਦੀਪ ਸਿੰਘ ਵੱਲੋਂ ਸਮਾਜ ਵਿਰੋਧੀ ਅਨਸਰਾਂ ਤੇ ਨਸ਼ਾ ਤਸਕਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਜੈਤੋ ਪੁਲਿਸ ਨੇ ਤਿੰਨ ਚਾਲੂ ਭੱਠੀਆਂ, ਭਾਰੀ ਮਾਤਰਾ ’ਚ ਲਾਹਣ ਤੇ ਨਜਾਇਜ਼ ਸ਼ਰਾਬ ਸਮੇਤ 7 ਜਾਣਿਆਂ ਨੂੰ ਕਾਬੂ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਜੈਤੋ ਦੇ ਐੱਸ.ਐੱਚ.ਓ. ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਸਬ-ਡਵੀਜਨ ਜੈਤੋ ਦੇ ਡੀ.ਐੱਸ.ਪੀ. ਪਰਮਿੰਦਰ ਸਿੰਘ ਗਰੇਵਾਲ ਦੀ ਅਗਵਾਈ ਹੇਠ ਪੁਲਿਸ ਨੇ ਨਸ਼ਿਆਂ ਦੇ ਸੌਦਾਗਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤੀ ਨਾਲ ਨਜਿੱਠਣ ਦੀ ਮਹਿੰਮ ਵਿੱਢੀ ਹੈ। ਉਨਾਂ ਦੱਸਿਆ ਕਿ ਏ.ਐੱਸ.ਆਈ ਕਾਹਨ ਸਿੰਘ ਦੀ ਅਗਵਾਈ ਵਾਲੀ ਪਾਰਟੀ ਨੇ ਮੁਖ਼ਬਰ ਦੀ ਸੂਚਨਾ ਮੁਤਾਬਿਕ ਹਰਪਾਲ ਸਿੰਘ ਉਰਫ਼ ਪਾਲ ਪੁੱਤਰ ਜੰਗ ਸਿੰਘ ਅਤੇ ਦਰਸ਼ਨ ਸਿੰਘ ਪੁੱਤਰ ਜਗਦੇਵ ਸਿੰਘ ਉਰਫ਼ ਜੱਗੂ ਵਾਸੀ ਪਿੰਡ ਦਲ ਸਿੰਘ ਵਾਲਾ ਦੇ ਘਰੋਂ 9 ਬੋਤਲਾਂ ਨਜਾਇਜ਼ ਸ਼ਰਾਬ, ਇੱਕ ਚਾਲੂ ਭੱਠੀ ਅਤੇ 40 ਲੀਟਰ ਲਾਹਣ ਸਮੇਤ ਹਰਪਾਲ ਸਿੰਘ ਤੇ ਦਰਸ਼ਨ ਸਿੰਘ ਨੂੰ ਮੌਕੇ ’ਤੇ ਕਾਬੂ ਕਰ ਲਿਆ। ਉਨਾਂ ਅੱਗੇ ਦੱਸਿਆ ਕਿ ਏ.ਐੱਸ.ਆਈ ਵਿਜੈ ਕੁਮਾਰ ਦੀ ਅਗਵਾਈ ਵਾਲੀ ਪਾਰਟੀ ਨੇ ਭੋਲਾ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਚੰਦਭਾਨ ਦੇ ਘਰੋਂ 6 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ। ਐੱਸ.ਐੱਚ.ਓ. ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਸਬ-ਇੰਸਪੈਕਟਰ ਹਰਪ੍ਰੇਮ ਸਿੰਘ ਦੀ ਅਗਵਾਈ ਵਾਲੀ ਪਾਰਟੀ ਨੇ ਮੁਖ਼ਬਰ ਦੀ ਸੂਚਨਾ ਅਨੁਸਾਰ ਜਸਵਿੰਦਰ ਸਿੰਘ ਪੁੱਤਰ ਹਰਪਾਲ ਸਿੰਘ ਅਤੇ ਮਨਪ੍ਰੀਤ ਸਿੰਘ ਪੁੱਤਰ ਗਰਮੇਲ ਸਿੰਘ ਵਾਸੀ ਪਿੰਡ ਦਲ ਸਿੰਘ ਵਾਲਾ ਦੇ ਘਰੋਂ ਇੱਕ ਚਾਲੂ ਭੱਠੀ, 20 ਲੀਟਰ ਲਾਹਣ ਅਤੇ 2 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਜਸਵਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਨੂੰ ਮੌਕੇ ’ਤੇ ਗਿ੍ਰਫ਼ਤਾਰ ਕਰ ਲਿਆ। ਏ.ਐੱਸ.ਆਈ. ਸੁਖਵੀਰ ਸਿੰਘ ਨੇ ਗੁਰਾ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਦਲ ਸਿੰਘ ਵਾਲਾ (ਕਲੌਨੀ) ਨੂੰ ਕਾਬੂ ਕਰਕੇ ਉਸ ਕੋਲੋਂ ਪੌਣੀ ਬੋਤਲ ਨਜਾਇਜ਼ ਸ਼ਰਾਬ, ਇੱਕ ਚਾਲੂ ਭੱਠੀ ਅਤੇ 40 ਲੀਟਰ ਲਾਹਣ ਬਰਾਮਦ ਕੀਤੀ। ਏ.ਐੱਸ.ਆਈ. ਰਾਜਿੰਦਰ ਸਿੰਘ ਬਾਜਾ ਨੇ ਗੁਰਪ੍ਰੀਤ ਸਿੰਘ ਪੁੱਤਰ ਹਰਦਮ ਸਿੰਘ ਵਾਸੀ ਪਿੰਡ ਦਲ ਸਿੰਘ ਵਾਲਾ (ਕਲੌਨੀ) ਨੂੰ ਗਿ੍ਰਫ਼ਤਾਰ ਕਰਕੇ ਉਸ ਪਾਸੋਂ 45 ਲੀਟਰ ਲਾਹਣ ਬਰਾਮਦ ਕੀਤੀ। ਏ.ਐੱਸ.ਆਈ. ਗੁਰਮੇਲ ਸਿੰਘ ਨੇ ਗੁਰਜੀਤ ਸਿੰਘ ਉਰਫ਼ ਮਿੱਠਾ ਪੁੱਤਰ ਨਾਇਬ ਸਿੰਘ ਵਾਸੀ ਪਿੰਡ ਦਲ ਸਿੰਘ ਵਾਲਾ ਨੂੰ ਕਾਬੂ ਕਰਕੇ ਉਸ ਪਾਸੋਂ 40 ਲੀਟਰ ਲਾਹਣ ਬਰਾਮਦ ਕਰਨ ’ਚ ਸਫ਼ਲਤਾ ਹਾਸਲ ਕੀਤੀ। ਉਕਤਾਨ ਖਿਲਾਫ਼ ਆਬਕਾਰੀ ਐਕਟ ਦੀ ਧਾਰਾ 61/1/14 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਮੁੱਖ ਮੁਨਸ਼ੀ ਹੌਲਦਾਰ ਅਕਾਲਪ੍ਰੀਤ ਸਿੰਘ ਆਦਿ ਹਾਜ਼ਰ ਸਨ।