ਸੰਗਰੂਰ ਦੀ ਅਦਾਲਤ ਨੇ ਸਿੱਧੂ ਮੂਸੇਵਾਲਾ ਨੂੰ ਦਿੱਤੀ ਪੇਸ਼ਗੀ ਜ਼ਮਾਨਤ, ਜਾਂਚ 'ਚ ਸ਼ਾਮਲ ਹੋਣ ਦੀ ਕੀਤੀ ਹਦਾਇਤ
ਸੰਗਰੂਰ, 30 ਜੂਨ, 2020 : ਸੰਗਰੂਰ ਦੀ ਇਕ ਅਦਾਲਤ ਨੇ ਅੱਜ ਨਾਮੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਨੂੰ ਉਸ ਖਿਲਾਫ ਪੁਲਿਸ ਥਾਣਾ ਸਦਰ ਧੂਰੀ ਵਿਖੇ ਦਰਜ ਹੋਏ ਕੇਸ ਵਿਚ ਪੇਸ਼ਗੀ ਜ਼ਮਾਨਤ ਦੇ ਦਿੱਤੀ ਪਰ ਅਦਾਲਤ ਨੇ ਮੂਸੇਵਾਲਾ ਨੂੰ ਜਾਂਚ ਵਿਚ ਸ਼ਾਮਲ ਹੋਣ ਤੇ ਅਦਾਲਤ ਦੀ ਆਗਿਆ ਬਿਨਾਂ ਦੇਸ਼ ਤੋਂ ਬਾਹਰ ਨਾ ਜਾਣ ਦੀ ਵੀ ਹਦਾਇਤ ਕੀਤੀ।
ਇਕ ਹੁਕਮ ਵਿਚ ਐਡੀਸ਼ਨਲ ਸੈਸ਼ਨ ਜੱਜ ਸੰਗਰੂਰ ਗੁਰਪ੍ਰਤਾਪ ਸਿੰਘ ਨੇ ਕਿਹਾ ਕਿ ਗੋਲੀ ਚਲਾਉਣ ਦੀ ਘਟਨਾ ਜਿਸ ਵਿਚ ਸਿੱਧੂ ਮੂਸੇਵਾਲਾ ਖਿਲਾਫ ਧਾਰਾ 188 ਆਈ ਪੀ ਸੀ, 1860 ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 51 ਅਤੇ ਆਰਮਜ਼ ਐਕਟ ਦੀ ਧਾਰਾ 25, 29, 30, 54 ਅਤੇ 59 ਤਹਿਤ ਪੁਲਿਸ ਥਾਣਾ ਸਦਰ ਧੂਰੀ ਜ਼ਿਲਾ ਸੰਗਰੂਰ ਵਿਚ ਕੇਸ ਦਰਜ ਕੀਤਾ ਗਿਆ, ਪੁਲਿਸ ਨੇ ਖੁਦ ਇਸਦਾ ਇੰਤਜ਼ਾਮ ਕੀਤਾ ਸੀ ਤੇ ਮੁਲਜ਼ਮ ਦੀ ਮਦਦ ਕੀਤੀ ਸੀ। ਜੱਜ ਨੇ ਇਹ ਵੀ ਕਿਹਾ ਅਜਿਹਾ ਜਾਪਦਾ ਹੈ ਕਿ ਜਦੋਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਤਾਂ ਪੁਲਿਸ ਨੇ ਆਪਣਾ ਮੂੰਹ ਛੁਪਾਉਣ ਲਈ ਐਫ ਆਈ ਆਰ ਦਰਜ ਕੀਤੀ। ਅਦਾਲਤ ਨੇ ਇਹ ਵੀ ਕਿਹਾ ਕਿ ਫਾਈਲਾਂ ਦੀ ਘੋਖ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਪੁਲਿਸ ਨੂੰ ਹਾਲੇ ਤੱਕ ਸੀ ਐਫ ਐਸ ਐਲ ਤੋਂ ਵੀਡੀਓ ਕਲਿੱਪ ਦੇ ਸਹੀ ਹੋਣ ਜਾਂ ਨਾ ਹੋਣ ਦੀ ਰਿਪੋਰਟ ਨਹੀਂ ਮਿਲੀ ਤੇ ਗੋਲੀ ਚਲਾਉਣ ਨਾਲ ਕਿਸੇ ਵਿਅਕਤੀ ਦਾ ਨੁਕਸਾਨ ਵੀ ਨਹੀਂ ਹੋਇਆ।
ਸਿੱਧੂ ਮੂਸੇਵਾਲਾ ਨੂੰ ਪੇਸ਼ਗੀ ਜ਼ਮਾਨਤ ਦਿੰਦਿਆਂ ਅਦਾਲਤ ਨੇ ਉਸਨੂੰ ਸਬੰਧਤ ਜਾਂਚ ਅਫਸਰ ਜਾਂ ਐਸ ਐਚ ਓ ਕੋਲ ਸੱਤ ਦਿਨਾਂ ਦੇ ਅੰਦਰ ਅੰਦਰ ਜਾਂਚ ਵਿਚ ਸ਼ਾਮਲ ਹੋਣ ਦੀ ਹਦਾਇਤ ਕੀਤੀ। ਅਦਾਲਤ ਨੇ ਕਿਹਾ ਕਿ ਉਹ ਕੇਸ ਦੀ ਜਾਂਚ ਵਿਚ ਖੁਦ ਸ਼ਾਮਲ ਹੋਵੇਗਾ, ਸਰਕਾਰੀ ਸਬੂਤਾਂ ਨਾਲ ਛੇੜਛਾੜ ਨਹੀਂ ਕਰੇਗਾ ਤੇ ਅਦਾਲਤ ਦੀ ਅਗਾਉਂ ਪ੍ਰਵਾਨਗੀ ਤੋਂ ਬਗੈਰ ਦੇਸ਼ ਤੋਂ ਬਾਹਰ ਨਹੀਂ ਜਾਵੇਗਾ।