ਕੁਵੈਤ 'ਚ ਪੰਜਾਬੀਆਂ ਨੇ ਸਥਾਨਕ ਲੋਕਾਂ ਲਈ ਰਾਸ਼ਨ ਵੰਡਣ ਦੀ ਮੁਹਿੰਮ ਚਲਾਈ
ਕੁਵੈਤ, 1 ਜੁਲਾਈ, 2020 : ਪੰਜਾਬੀਆਂ ਵੱਲੋਂ ਦੁਨੀਆਂ ਭਰ ਵਿਚ ਕੋਰੋਨਾ ਕਾਰਨ ਹੋਏ ਲਾਕ ਡਾਊਨ ਵਿਚ ਮਨੁੱਖਤਾ ਦੀ ਸੇਵਾ ਕਰਨ ਦੀ ਆਰੰਭੀ ਮੁਹਿੰਮ ਕੁਵੈਤ ਵਿਚ ਆ ਪਹੁੰਚੀ ਹੈ। ਇਥੇ ਕੁਝ ਸਿੱਖਾਂ ਨੇ ਇਸ ਮੁਹਿੰਮ ਨੂੰ ਸ਼ੁਰੂ ਕੀਤਾ ਹੈ ਤੇ ਘਰ ਘਰ ਰਾਸ਼ਨ ਵੰਡਿਆ ਜਾ ਰਿਹਾ ਹੈ।
ਗੁਰਮੀਤ ਸਿੰਘ ਮੱਲ੍ਹਾ ਨੇ ਦੱਸਿਆ ਕਿ ਕੂਵੈਤ ਦੇ ਜਿਨ੍ਹਾਂ ਇਲਾਕਿਆਂ ਵਿੱਚ ਲਗਾਤਾਰ ਲੌਕਡਾਉਨ ਤੇ ਕਰਫਿਊ ਦੇ ਦੌਰਾਨ ਕੰਮਕਾਜ ਬੰਦ ਹੋ ਜਾਣ ਬਹੁਤ ਹੀ ਗੰਭੀਰ ਸਥਿਤੀ ਬਣੀ ਹੋਈ ਹੈ ਅਤੇ ਲੋਕ ਖਾਣ ਪੀਣ ਦੇ ਸਮਾਨ ਤੋਂ ਵੀ ਬਾਂਝੇ ਹੋ ਚੁੱਕੇ ਹਨ ਅਸੀਂ ਉਨ੍ਹਾਂ ਵੀਰ ਅਤੇ ਪਰਿਵਾਰਾਂ ਦੀ ਸਮੱਸਿਆ ਨੂੰ ਸਮਝਦੇ ਹੋਏ ਨਾਮ ਦਰਜ ਕਰਵਾਉਣ ਦੀ ਅਪੀਲ ਕੀਤੀ ਸੀ ਉਸ ਰਾਸ਼ਨ ਨੂੰ ਦਿੱਤੇ ਹੋਏ ਪਤੇ ਤੇ ਪਹੁੰਚ ਕਰਨਾ ਵੀ ਸਾਡਾ ਮੰਤਵ ਸੀ ਤੇ ਹੈ। ਇਹ ਰਾਸ਼ਨ ਪੈਕੇਜ ਉਨ੍ਹਾਂ ਘਰਾਂ ਤੱਕ 26 ਜੂਨ ਤੋਂ ਪਹੁੰਚਣਾ ਸ਼ੁਰੂ ਹੋ ਚੁੱਕਾ ਹੈ ਤੇ ਇਸ ਕਾਰਜ ਨੂੰ ਮੁਕੰਮਲ ਕਰਨ ਲਈ 8 ਤੋਂ 10 ਦਿਨ ਜਾਂ ਜਿਆਦਾ ਵੀ ਲੱਗ ਸਕਦੇ ਹਨ। ਰਾਸ਼ਨ ਲੈਣ ਵਾਲਿਆਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਹੈ ਤੇ ਲਗਾਤਾਰ ਰਾਬਤਾ ਵੀ ਜਾਰੀ ਹੈ ਅਤੇ ਮੱਦਦਗਾਰ ਸੰਸਥਾਵਾਂ ਤੇ ਸੂਝਵਾਨ ਦਾਨੀ ਸੱਜਣਾ ਨੂੰ ਅਪੀਲ ਵੀ ਹੈ ਕਿ ਸੰਕਟ ਦੇ ਸਮੇਂ ਵਿੱਚ ਇਸ ਮਨੁੱਖਤਾ ਦੇ ਸਿਧਾਂਤ ਤੇ ਪਹਿਰਾ ਦੇਣ।
ਉਹਨਾਂ ਦੱਸਿਆ ਕਿ ਅਸੀ ਆਪਣੇ ਵੱਲੋਂ ਲੋੜਵੰਦ ਵੀਰਾਂ ਤੇ ਪਰਿਵਾਰਾਂ ਦੀ ਸੂਚੀ ਤਿਆਰ ਕਰਦੇ ਹਾਂ ਇਸ ਸੂਚੀ ਵਿੱਚ ਪਰਿਵਾਰ ਵਾਲੇ ਵੀਰ ਦਾ ਨਾਮ ਤੇ ਮੈਂਬਰਾਂ ਦੀ ਗਿਣਤੀ ਹੀ ਦਰਜ ਕਰਦੇ ਹਾਂ ਕਿਸੇ ਵੀ ਬੱਚੇ ਜਾਂ ਕਿਸੇ ਹੋਰ ਪਰਿਵਾਰਕ ਮੈਂਬਰਾਂ ਦੀ ਸਿਵਲ ਆਈਡੀ ਦੀ ਫੋਟੋ ਕਾਪੀ ਨਹੀਂ ਲੈਂਦੇ ਸਿਵਲ ਆਈਡੀ ਫੋਟੋ ਕਾਪੀ ਸਿਰਫ ਮੁੱਢਲੇ ਮੈਂਬਰ ਦੀ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ। ਰਾਸ਼ਨ ਦੇਣ ਵੇਲੇ ਕਿਸੇ ਵੀਰ ਦੀ ਫੋਟੋ ਖਿੱਚਣਾ ਜਾਂ ਖਿਚਵਾਉਣਾ ਸਾਡੇ ਵੱਲੋਂ ਸ਼ਖਤ ਮਨਾਹੀ ਹੈ। ਇਸ ਕਾਰਜ ਵਿੱਚ ਗੁਰਮੀਤ ਮੱਲ੍ਹਾ, ਹਰਜੀਤ ਸਿੰਘ, ਜਗਵੀਰ ਸਿੰਘ ਦਿਹਾਣਾ, ਸੁਰਜੀਤ ਝੰਡੇਰ, ਸੁਖਦੇਵ ਲਾਲੀ ਵੱਲੋਂ ਲੋੜਬੰਦਾਂ ਦੀ ਨਾਮ ਸੂਚੀ ਦਰਜ ਕਰਕੇ ਭੇਜੀ ਜਾਂਦੀ ਹੈ ਤੇ ਇਹ ਸੇਵਾ ਅਰਵਿੰਦਰਪਾਲ ਸਿੰਘ ਤਨਮਨ ਨਾਲ ਨਿਭਾਉਂਦੇ ਆ ਰਹੇ ਹਨ ਜਿਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ।
ਇਹ ਰਾਸ਼ਨ ਸਪਲਾਈ ਇੰਡੀਅਨ ਸਹਾਇਤਾ ਗਰੁੱਪ ਵੱਲੋਂ ਦਿੱਤੀ ਜਾ ਰਹੀ ਹੈ।
ਉਹਨਾਂ ਦੱਸਿਆ ਕਿ ਅਸੀਂ ਆਪ ਕੋਈ ਨਗਦ ਰਾਸ਼ੀ ਜਾਂ ਰਾਸ਼ਨ ਨਹੀਂ ਲੈਂਦੇ ਆਪਣੇ ਵੱਲੋਂ ਕੋਈ ਵੀ ਸੰਸਥਾ ਜਾਂ ਦਾਨੀ ਸੱਜਣ ਸਾਡੇ ਪਾਸੋਂ ਲੋੜਬੰਦ ਵੀਰਾਂ ਦੇ ਨਾਮ ਨੰਬਰ ਐਡਰੈੱਸ ਲੈ ਕੇ ਸਿੱਧੇ ਤੌਰ ਤੇ ਹੀ ਮੱਦਦ ਕਰ ਸਕਦੇ ਹਨ।
ਗੁਰਮੀਤ ਮੱਲ੍ਹਾ +965 99556397