ਅਸ਼ੋਕ ਵਰਮਾ
ਬਠਿੰਡਾ, 1 ਜੁਲਾਈ 2020 - ਪੰਜਾਬ ਸਰਕਾਰ ਵੱਲੋਂ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਨਗਰ ਨਿਗਮ ਦੇ ਸਾਬਕਾ ਕੌਂਸਲਰ ਅਤੇ ਸੀਨੀਅਰ ਕਾਂਗਰਸੀ ਆਗੂ ਜਗਰੂਪ ਸਿੰਘ ਗਿੱਲ ਨੂੰ ਜ਼ਿਲ੍ਹਾ ਯੋਜਨਾ ਬੋਰਡ ਬਠਿੰਡਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਸਰਕਾਰ ਨੇ ਇਸ ਸੰਬਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਿਸ ਪਿੱਛੋਂ ਸ਼ਹਿਰ ਦੇ ਕਾਂਗਰਸੀ ਹਲਕਿਆਂ ’ਚ ਖੁਸ਼ੀ ਦਾ ਮਹੌਲ ਪਾਇਆ ਜਾ ਰਿਹਾ ਹੈ।
ਅੱਜ ਕਾਂਗਰਸੀ ਆਗੂ ਰਜਿੰਦਰ ਗੋਲਡੀ ਸਮੇਤ ਵੱਡੀ ਗਿਣਤੀ ਕਾਂਗਰਸੀ ਵਰਕਰਾਂ ਤੇ ਆਗੂਆਂ ਨੇ ਗਿੱਲ ਨੂੰ ਉਨ੍ਹਾਂ ਦੇ ਨਿਵਾਸ ਅਸਥਾਨ ਤੇ ਜਾ ਕੇ ਵਧਾਈ ਦਿੱਤੀ ਅਤੇ ਹਾਰ ਪਾਉਣ ਦੇ ਨਾਲ ਨਾਲ ਉਨਾਂ ਦਾ ਮੂੰਹ ਵੀ ਮਿੱਠਾ ਕਰਵਾਇਆ। ਪਹਿਲਾਂ ਚਰਚੇ ਸਨ ਕਿ ਉਨਾਂ ਨੂੰ ਇੰਪਰੂਵਮੈਂਟ ਟਰੱਸਟ ਬਠਿੰਡਾ ਦੇ ਚੇਅਰਮੈਨ ਬਣਾਇਆ ਜਾਏਗਾ ਪਰ ਇਸ ਅਹੁਦੇ ਤੇ ਕਾਂਗਰਸੀ ਆਗੂ ਕੇਕੇ ਅੱਗਰਵਾਲ ਦੀ ਨਿਯਕਤੀ ਉਪਰੰਤ ਇਹ ਕਿਆਸ ਅਰਾਈਆਂ ਲਾਈਆਂ ਜਾਣ ਲੱਗੀਆਂ ਸਨ ਕਿ ਗਿੱਲ ਹੀ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਹੋਣਗੇ।
ਜਗਰੂਪ ਸਿੰਘ ਗਿੱਲ ਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕਾਫੀ ਪੁਰਾਣੇ ਸਬੰਧ ਹਨ । ਪਿਛਲੀ ਕੈਪਟਨ ਸਰਕਾਰ ’ਚ ਉਨ੍ਹਾਂ ਨੂੰ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਬਣਾਇਆ ਗਿਆ ਸੀ। ਮੰਨਿਆ ਜਾ ਰਹਿਾ ਹੈ ਕਿ ਇਸ ਅਹੁਦੇ ਲਈ ਵੀ ਕੈਪਟਨ ਨਾਲ ਪੁਰਾਣੇ ਸਬੰਧਾਂ ਨੇ ਰਾਹ ਪੱਧਰਾ ਕੀਤਾ ਹੈ। ਕਾਂਗਰਸੀ ਹਲਕਿਆਂ ਨੇ ਦੱਸਿਆ ਹੈ ਕਿ ਇਸ ਅਹੁਦੇ ਲਈ ਮਾਲ ਮੰਤਰੀ ਪੰਜਾਬ ਦੇ ਕੁੜਮ ਨਰਿੰਦਰ ਭਲੇਰੀਆ ਸਮੇਤ ਹੋਰ ਵੀ ਕਈ ਕਾਂਗਰਸੀਆਂ ਦਾ ਨਾਮ ਵੀ ਸਾਹਮਣੇ ਆਇਆ ਸੀ ਪਰ ਅੰਤਮ ਮੋਹਰ ਗਿੱਲ ਦੇ ਨਾਮ ਤੇ ਲੱਗੀ ਹੈ।
ਦੱਸਣਯੋਗ ਹੈ ਕਿ ਪਿਛਲੀ ਕੈਪਟਨ ਸਰਕਾਰ ਦੇ ਰਾਜ ’ਚ ਕਈ ਪ੍ਰਜੈਕਟ ਲਿਆਉਣ ਦਾ ਸਿਹਰਾ ਗਿੱਲ ਨੂੰ ਜਾਂਦਾ ਹੈ। ਨਗਰ ਨਿਗਮ ਵਿੱਚ ਵੀ ਗਿੱਲ ਨੂੰ ਪੂਰਾ ਤਜਰਬਾ ਹੈ ਜਿਸ ਦੇ ਅਧਾਰ ਤੇ ਉਹ ਅਕਾਲੀ ਭਾਜਪਾ ਗੱਠਜੋੜ ਨੂੰ ਵੱਖ ਵੱਖ ਮੁੱਦਿਆਂ ਤੇ ਘੇਰਦੇ ਰਹੇ ਹਨ। ਹੁਣ ਵੀ ਇਹੋ ਸਮਝਿਆ ਜਾ ਰਿਹਾ ਹੈ ਕਿ ਵਿਕਾਸ ਗਿੱਲ ਦਾ ਏਜੰਡਾ ਹੋਵੇਗਾ। ਬਠਿੰਡਾ ਵਾਸੀਆਂ ਖਾਸ ਤੌਰ 'ਤੇ ਉਨ੍ਹਾਂ ਦੇ ਆਪਣੇ ਵਾਰਡ ਵਾਲੇ ਲਾਈਨੋਪਾਰ ਇਲਾਕੇ ਦੇ ਲੋਕਾਂ ਨੂੰ ਵੱਡੀਆਂ ਆਸਾਂ ਹਨ। ਉਂਝ ਗਿੱਲ ਦੇ ਸਾਹਮਣੇ ਸ਼ਹਿਰ ਦੇ ਪਾਣੀ ਦੀ ਨਿਕਾਸੀ, ਸੀਵਰੇਜ਼ ਅਤੇ ਪਾਣੀ ਦੀ ਪੂਰਤੀ ਵਰਗਵੀਆਂ ਵੱਡੀਆਂ ਚੁਣੌਤੀਆਂ ਹਨ ਜਿਨ੍ਹਾਂ ਨਾਲ ਕਾਂਗਰਸੀ ਦਾਅਵਿਆਂ ਤੇ ਵਾਅਦਿਆਂ ਦੇ ਬਾਵਜੂਦ ਸ਼ਹਿਰ ਜੂਝ ਰਿਹਾ ਹੈ।