ਮਨਿੰਦਰਜੀਤ ਸਿੱਧੂ
ਜੈਤੋ, 1 ਜੁਲਾਈ 2020 - ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਤ ਨੇਬਰਹੁੱਡ ਕੈਂਪਸ ਅਤੇ ਕਾਂਸਟੀਚੁਐਂਟ ਕਾਲਜਾਂ ਵਿੱਚ ਕੰਮ ਕਰਦੇ ਗੈਸਟ ਫੈਕਲਟੀ ਅਸਿਸਟੈਂਟ ਪ੍ਰੋਫੈਸਰਾਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਕੀਤਾ।
ਉਨ੍ਹਾਂ ਕਿਹਾ ਕਿ ਇਹ ਅਸਿਸਟੈਂਟ ਪ੍ਰੋਫੈਸਰ ਯੂ.ਜੀ.ਸੀ ਨਿਯਮਾਂ ਅਨੁਸਾਰ ਪੂਰਨ ਤੌਰ ਤੇ ਯੋਗ ਹਨ ਅਤੇ ਯੂਨੀਵਰਸਿਟੀ ਵੱਲੋਂ ਇਨ੍ਹਾਂ ਨੂੰ ਇੰਟਰਵਿਊ ਕਰਕੇ ਰੱਖਿਆ ਗਿਆ ਹੈ । ਹਰ ਸੈਸ਼ਨ ਵਿੱਚ ਯੂਨੀਵਰਸਿਟੀ ਵੱਲੋਂ ਇਨ੍ਹਾਂ ਦੀ ਇੰਟਰਵਿਊ ਕੀਤੇ ਜਾਣਾ ਇਨ੍ਹਾਂ ਪ੍ਰੋਫੈਸਰਾਂ ਦੀ ਯੋਗਤਾ ਦੀ ਤੋਹੀਨ ਹੈ ਅਤੇ ਇਨ੍ਹਾਂ ਦੇ ਮਾਨਸਿਕ ਉਤਪੀੜਨ ਦਾ ਕਾਰਨ ਬਣਦੀ ਹੈ।
ਯੂਨੀਵਰਸਿਟੀ ਵੱਲੋਂ ਇਨ੍ਹਾਂ ਨੂੰ ਸਿਰਫ਼ ਅੱਠ ਮਹੀਨੇ ਦੀ ਤਨਖ਼ਾਹ, ਉਹ ਵੀ ਸਾਲ ਸਾਲ ਪਰ ਲਟਕਣ ਉਪਰੰਤ ਦਿੱਤੀ ਜਾਂਦੀ ਹੈ। ਯੂਨੀਵਰਸਿਟੀ ਅਧਿਕਾਰੀਆਂ ਵੱਲੋਂ ਇਹ ਇਖਲਾਕ ਤੋਂ ਗਿਰੀਆਂ ਹਰਕਤਾਂ ਕਾਰਨ ਗੈਸਟ ਫੈਕਲਟੀ ਪ੍ਰੋਫੈਸਰਜ਼ ਦਾ ਮਾਨਸਿਕ ਉਤਪੀੜਨ ਤਾਂ ਹੋ ਹੀ ਰਿਹਾ ਹੈ ਨਾਲ ਨਾਲ ਅਸਿੱਧੇ ਤੌਰ ਤੇ ਇਨ੍ਹਾਂ ਕਾਲਜਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਉੱਪਰ ਵੀ ਮਾੜਾ ਅਸਰ ਪੈ ਰਿਹਾ ਹੈ।
ਉਨ੍ਹਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਸਿਰਫ਼ ਪ੍ਰਕਾਸ਼ ਪੁਰਬ ਮਨਾਉਣ ਨਾਲ ਗੱਲ ਨਹੀਂ ਬਣਦੀ, ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਇਨ੍ਹਾਂ ਪ੍ਰੋਫੈਸਰਾਂ ਨਾਲ ਹੋ ਰਿਹਾ ਧੱਕਾ ਬੰਦ ਕੀਤਾ ਜਾਣਾ ਚਾਹੀਦਾ ਹੈ।