ਮਨਿੰਦਰਜੀਤ ਸਿੱਧੂ
- ਜੈਤੋ ਬੱਸ ਸਟੈਂਡ ਤੋਂ ਮੁਕਤਸਰ ਰੋਡ ਤੱਕ ਵਾਲੇ ਫਾਟਕ ਤੱਕ ਇੰਟਰਲਾਕ ਟਾਇਲਾਂ ਲਗਾਉਣ ਦੀ ਕੀਤੀ ਸ਼ੁਰੂਆਤ
ਜੈਤੋ, 1 ਜੁਲਾਈ 2020 - ਲੋਕ ਸਭਾ ਹਲਕਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਅਤੇ ਵਿਧਾਨ ਸਭਾ ਹਲਕਾ ਜੈਤੋ ਦੇ ਮੁੱਖ ਸੇਵਾਦਾਰ ਮੁਹੰਮਦ ਸਦੀਕ ਨੇ ਅੱਜ ਜੈਤੋ ਬੱਸ ਸਟੈਂਡ ਤੋਂ ਮੁਕਤਸਰ ਰੋਡ ਵਾਲੇ ਫਾਟਕ ਤੱਕ ਸੜਕ ਦੇ ਦੋਨੋਂ ਪਾਸੇ ਇੰਟਰਲਾਕ ਟਾਇਲ ਲਗਾਉਣ ਦਾ ਕੰਮ ਆਪਣੇ ਹੱਥੀਂ ਸ਼ੁਰੂ ਕਰਵਾਇਆ। ਇਸ ਕਾਰਜ ਦੀ ਸ਼ੁਰੂਆਤ ਐਮ.ਪੀ. ਮੁਹੰਮਦ ਸਦੀਕ ਨੇ ਰੀਬਨ ਕੱਟ ਕੇ ਅਤੇ ਕਹੀ ਨਾਲ ਟੱਕ ਲਗਾ ਕੇ ਕੀਤੀ।
ਇਸ ਮੌਕੇ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਨੇ ਕਿਹਾ ਕਿ ਦੁਕਾਨਦਾਰਾਂ ਦੀ ਲੰਮੇ ਸਮੇਂ ਤੋਂ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਰੋਡ ਨੂੰ ਸਾਫ਼ ਸੁਥਰਾ ਬਨਾਉਣ ਲਈ ਦੋਨੋਂ ਪਾਸੇ ਇੰਟਰਲਾਕ ਟਾਇਲਾਂ ਲਗਾਈਆਂ ਜਾਣਗੀਆਂ। ਉਹਨਾਂ ਕਿਹਾ ਕਿ ਜੈਤੋ ਦੇ ਲੋਕਾਂ ਨਾਲ ਚੋਣਾਂ ਮੌਕੇ ਕੀਤੇ ਵਾਅਦੇ ਇੱਕ-ਇੱਕ ਕਰਕੇ ਪੂਰੇ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਪਿਛਲ਼ੇ 10 ਸਾਲ ਪੰਜਾਬ ਨੂੰ ਖੂਬ ਲੁੱਟਿਆ ਹੈ ਅਤੇ ਆਪਣੇ ਆਪ ਨੂੰ ਪੰਥਕ ਸ਼ਹਿਰ ਕਹਾਉਣ ਵਾਲੀ ਪਾਰਟੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਨਗਰੀ ਹੋਣ ਦੇ ਨਾਤੇ ਵੀ ਇਸਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਸਾਡੀ ਪੂਰੀ ਕੋਸ਼ਿਸ਼ ਹੈ ਕਿ ਜੈਤੋ ਨੂੰ ਅਸੀਂ ਨਮੂਨੇ ਦਾ ਸ਼ਹਿਰ ਬਣਾ ਕੇ ਲੋਕਾਂ ਸਾਹਮਣੇ ਪੇਸ਼ ਕਰਾਂਗੇ।
ਇਸ ਮੌਕੇ ਮੁਹੰਮਦ ਸਦੀਕ ਦੀ ਪੁੱਤਰੀ ਅਤੇ ਮਹਿਲਾ ਕਾਂਗਰਸੀ ਆਗੂ ਬੀਬਾ ਜਾਵੇਦ ਅਖਤਰ ਨੇ ਕਿਹਾ ਕਿ ਲਾਕਡਾਊਨ ਤੋਂ ਬਾਅਦ ਜੈਤੋ ਹਲਕੇ ਵਿੱਚ ਵਿਕਾਸ ਦੇ ਕੰਮਾਂ ਨੇ ਮੁੜ ਰਫ਼ਤਾਰ ਫੜ ਲਈ ਹੈ। ਉਹਨਾਂ ਕਿਹਾ ਕਿ ਜਿਵੇਂ ਜਿਵੇਂ ਲੋਕਾਂ ਦੁਆਰਾ ਵਿਕਾਸ ਦੇ ਕੰਮ ਸਾਡੇ ਧਿਆਨ ਵਿੱਚ ਲਿਆਂਦੇ ਜਾ ਰਹੇ ਹਨ ਵਾਰੀ ਵਾਰੀ ਨਾਲ ਸਾਰੇ ਕੰਮ ਨੇਪਰੇ ਚਾੜੇ ਜਾ ਰਹੇ ਹਨ। ਇਸ ਮੌਕੇ ਮੁਹੰਮਦ ਸਦੀਕ ਦਾ ਧੰਨਵਾਦ ਕਰਦਿਆਂ ਦੁਕਾਨਦਾਰਾਂ ਨੇ ਕਿਹਾ ਕਿ ਪਹਿਲੀ ਵਾਰ ਕਿਸੇ ਲੀਡਰ ਨੇ ਸਾਡੀ ਮਾਰਕਿਟ ਦੀ ਸਾਰ ਲਈ ਹੈ।
ਦੁਕਾਨਦਾਰਾਂ ਦਾ ਕਹਿਣਾ ਸੀ ਕਿ ਇਹ ਟਾਈਲਾਂ ਲੱਗਣ ਨਾਲ ਸਾਡੀ ਮਾਰਕਿਟ ਦੀ ਸੁੰਦਰਤਾ ਵਿੱਚ ਚੋਖਾ ਵਾਧਾ ਹੋਵੇਗਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸੂਰਜ਼ ਭਾਰਦਵਾਜ, ਸੰਜੀਵ ਭਾਰਦਵਾਜ “ਰਾਜਾ”, ਪ੍ਰਦੀਪ ਗਰਗ ਮਲੋਟ ਵਾਲੇ, ਹਰਜੀਤ ਸਿੰਘ ਬਿਸ਼ਨੰਦੀ, ਧਰਮਪਾਲ ਗਰਗ, ਐਡਵੋਕੇਟ ਮਦਨ ਲਾਲ ਬਾਂਸਲ, ਭੁਪਿੰਦਰ ਸਿੰਘ ਭੱਪਾ, ਮੁਹੰਮਦ ਗੌਰੀ ਦਬੜੀਖਾਨਾ, ਗਿੰਨੀ ਦੁੱਗਲ, ਕਾਮਰੇਡ ਰਣਬੀਰ ਚੰਦ ਪੰਵਾਰ, ਜਤਿੰਦਰ ਮਿੱਤਲ ਬਾਜਾਖਾਨਾ ਆਦਿ ਹਾਜਰ ਸਨ।