ਸੰਜੀਵ ਸੂਦ
- ਪਾਣੀ ਦੇ ਮੁੱਦੇ 'ਤੇ ਆਪਣੀ ਹੀ ਸਰਕਾਰ ਦੇ ਖਿਲਾਫ ਕੌਂਸਲਰ ਨੇ ਖੋਲ੍ਹਿਆ ਮੋਰਚਾ
- ਕਾਰਪੋਰੇਸ਼ਨ ਦਫਤਰ ਨੂੰ ਲਾਇਆ ਜਿੰਦਾ
- ਕਿਹਾ ਜਿਸ ਵਿੱਚ ਦਮ ਲੈਲੋ ਚਾਬੀਆਂ
ਲੁਧਿਆਣਾ, 1 ਜੁਲਾਈ 2020 - ਲੁਧਿਆਣਾ ਦੇ ਡਵੀਜ਼ਨ ਨੰਬਰ 2 ਕਾਰਪੋਰੇਸ਼ਨ ਦਫਤਰ ਬਾਹਰ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਕਾਂਗਰਸ ਦੇ ਹੀ ਵਾਰਡ ਨੰਬਰ 48 ਤੋਂ ਕੌਂਸਲਰ ਪਰਮਿੰਦਰ ਲਾਪਰਾਂ ਨੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਆਪਣੀ ਹੀ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ। ਲਾਪਰਾਂ ਨੇ ਕਾਰਪੋਰੇਸ਼ਨ ਦਫ਼ਤਰ ਦੇ ਗੇਟ ਨੂੰ ਜਿੰਦਾ ਲਾ ਕੇ ਚਾਬੀਆਂ ਆਪਣੀ ਜੇਬ 'ਚ ਪਾ ਲਈਆਂ ਅਤੇ ਕਿਹਾ ਕਿ ਜਦੋਂ ਤੱਕ ਉਸ ਦੇ ਵਾਰਡ 'ਚ ਪਾਣੀ ਦੀ ਸਮੱਸਿਆ ਦਾ ਹੱਲ ਨਹੀਂ ਹੋਵੇਗਾ, ਉਹ ਇਹ ਚਾਬੀਆਂ ਕਾਰਪੋਰੇਸ਼ਨ ਨੂੰ ਵਾਪਿਸ ਨਹੀਂ ਦੇਵੇਗਾ। ਲਾਪਰਾਂ ਨੇ ਸ਼ਰੇਆਮ ਕਿਹਾ ਕਿ ਜਿਸ ਵਿੱਚ ਦਮ ਹੈ ਉਹ ਮੇਰੇ ਤੋਂ ਆ ਕੇ ਚਾਬੀਆਂ ਲੈ ਕੇ ਵਿਖਾਵੇ। ਇਸ ਦੌਰਾਨ ਵੱਡੀ ਤਦਾਦ 'ਚ ਨਾਲ ਇਲਾਕਾ ਵਾਸੀ ਵੀ ਪਹੁੰਚੇ ਹੋਏ ਸਨ ਮੌਕੇ 'ਤੇ ਐਸਡੀਓ ਵੱਲੋਂ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਲਾਪਰਾਂ ਨਹੀਂ ਮੰਨੇ।
ਵਾਰਡ ਨੰਬਰ 48 ਤੋਂ ਕਾਂਗਰਸ ਰਹੇ ਕੌਂਸਲਰ ਪ੍ਰਮਿੰਦਰ ਸਿੰਘ ਲਾਪਰਾਂ ਨੇ ਅੱਜ ਆਪਣੀ ਹੀ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਦਿਆਂ ਆਪਣੀ ਕਮੀਜ਼ ਖੋਲ੍ਹ ਕੇ ਕਾਰਪੋਰੇਸ਼ਨ ਦਫਤਰ ਦੇ ਬਾਹਰ ਧਰਨਾ ਲਾ ਦਿੱਤਾ। ਇੱਥੋਂ ਤਕ ਕਿ ਦਫ਼ਤਰ ਨੂੰ ਜਿੰਦਾ ਲਾ ਦਿੱਤਾ ਅਤੇ ਸਾਰੇ ਮੁਲਾਜ਼ਮਾਂ ਨੂੰ ਅੰਦਰ ਹੀ ਬੰਦ ਕਰ ਦਿੱਤਾ ਅਤੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੇ ਵਾਰਡ 'ਚ ਕਾਰਪੋਰੇਸ਼ਨ ਪਾਣੀ ਨਹੀਂ ਖੋਲ੍ਹਦੀ ਉਦੋਂ ਤੱਕ ਉਹ ਇਨ੍ਹਾਂ ਦਾ ਜਿੰਦਾ ਨਹੀਂ ਖੋਲ੍ਹਣਗੇ। ਉਨ੍ਹਾਂ ਕਿਹਾ ਕਿ ਲੋਕ ਆਪਣੀ ਫਰਿਆਦ ਲੈ ਕੇ ਇਲਾਕੇ ਦੇ ਕੌਂਸਲਰ ਕੋਲ ਆਉਂਦੇ ਨੇ ਅਤੇ ਉਹ ਖੁਦ ਬੇਬੱਸ ਨੇ ਕਿਉਂਕਿ ਉਨ੍ਹਾਂ ਖੁਦ ਦੀ ਆਵਾਜ਼ ਕੋਈ ਨਹੀਂ ਸੁਣਦਾ। ਲਾਪਰਾਂ ਨੇ ਕਿਹਾ ਕਿ ਉਹ ਅੱਜ ਇੱਥੇ ਪੱਕੇ ਧਰਨੇ 'ਤੇ ਬੈਠ ਗਏ ਨੇ।
ਉਧਰ ਦੂਜੇ ਪਾਸੇ ਮੌਕੇ ਤੇ ਹਾਲਾਤ ਤਣਾਅਪੂਰਨ ਹੁੰਦੇ ਵੇਖ ਐਸਡੀਓ ਅਰਸ਼ਦੀਪ ਸਿੰਘ ਵੀ ਪਹੁੰਚੇ ਉਨ੍ਹਾਂ ਨੇ ਕਿਹਾ ਕਿ ਜੂਨ ਮਹੀਨੇ ਦੇ ਵਿੱਚ ਕੁਝ ਇਲਾਕੇ ਦੇ ਵਿੱਚ ਪਾਣੀ ਦੀ ਸਮੱਸਿਆ ਜ਼ਰੂਰ ਆਉਂਦੀ ਹੈ ਪਾਣੀ ਦਾ ਪ੍ਰੈਸ਼ਰ ਵੀ ਘੱਟ ਜਾਂਦਾ ਹੈ ਜਿਸ ਦਾ ਹੱਲ ਉਹ ਜਲਦ ਕਰਨਗੇ ਉਨ੍ਹਾਂ ਨੇ ਕਿਹਾ ਕਿ ਨਵੇਂ ਪੰਪ ਲਗਾਏ ਜਾ ਰਹੇ ਨੇ ਜਿਸ ਨੂੰ ਇਕ ਹਫਤੇ ਦਾ ਸਮਾਂ ਲੱਗੇਗਾ ਪਰ ਨਾਲ ਹੀ ਉਹ ਪਾਣੀ ਦਾ ਪ੍ਰੈਸ਼ਰ ਵੀ ਹੁਣ ਮੁਲਾਜ਼ਮਾਂ ਨੂੰ ਕਹਿ ਕੇ ਵਧਾਉਣਗੇ।
ਸੋ ਤੁਸੀਂ ਖੁਦ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਲੋਕ ਲੁਧਿਆਣਾ ਦੇ ਲੋਕ ਕਿੰਨੇ ਪ੍ਰੇਸ਼ਾਨ ਹੋਣਗੇ ਜਦੋਂ ਕਿ ਕਾਂਗਰਸ ਦੇ ਕੌਂਸਲਰ ਦੀ ਕਾਂਗਰਸ ਦੀ ਹੀ ਨਗਰ ਨਿਗਮ 'ਚ ਕੋਈ ਸੁਣਵਾਈ ਨਹੀਂ ਤਾਂ ਆਮ ਲੋਕਾਂ ਦੀ ਆਵਾਜ਼ ਕੌਣ ਸੁਣਦਾ ਹੋਵੇਗਾ ਜਾਂ ਆਮ ਲੋਕਾਂ ਦੀ ਸਾਰ ਕੌਣ ਲੈਂਦਾ ਹੋਵੇਗਾ ਇਸ ਦਾ ਅੰਦਾਜ਼ਾ ਤੁਸੀਂ ਆਪ ਹੀ ਲਾ ਸਕਦੇ ਹੋ।