ਗੁਰਪਤਵੰਤ ਪੰਨੂ ਸਮੇਤ 9 ਖਾਲਿਸਤਾਨੀ ਬਾਕਾਇਦਾ 'ਦਹਿਸ਼ਤਪਸੰਦ ' ਦਿੱਤੇ ਕਰਾਰ
ਨਵੀਂ ਦਿੱਲੀ, 01 ਜੁਲਾਈ, 2020 : ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਨੌ ਵਿਅਕਤੀਆਂ ਨੂੰ ਪੰਜਾਬ ਵਿਚ ਅਤਿਵਾਦ ਨੂੰ ਸੁਰਜੀਤ ਕਰਨ ਦੇ ਯਤਨਾਂ ਕਾਰਨ ਸੋਧੇ ਹੋਏ ਗੈਰ ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ ਏ ਪੀ ਏ) ਤਹਿਤ ਬਕਾਇਦਾ ਅਤਿਵਾਦੀ ਐਲਾਨ ਦਿੱਤਾ।
ਸਰਕਾਰ ਦੇ ਮੁਤਾਬਕ ਇਹ ਵਿਅਕਤੀ ਸਰਹੱਦ ਪਾਰ ਤੋਂ ਅਤੇ ਵਿਦੇਸ਼ੀ ਧਰਤੀ ਤੋਂ ਅਤਿਵਾਦ ਦੀਆਂ ਵੱਖ ਵੱਖ ਗਤੀਵਿਧੀਆਂ ਵਿਚ ਸ਼ਾਮਲ ਹਨ। ਇਹਨਾਂ ਨੇ ਦੇਸ਼ ਨੂੰ ਅਸਥਿਰ ਕਰਨ ਲਈ ਨਿਰੰਤਰ ਨਾਪਾਕ ਯਤਨ ਕੀਤੇ ਹਨ ਤੇ ਦੇਸ ਵਿਰੋਧੀ ਗਤੀਵਿਧੀਆਂ ਰਾਹੀਂ ਤੇ ਖਾਲਿਸਤਾਨ ਲਹਿਰ ਦੀ ਹਮਾਇਤ ਕਰ ਕੇ ਇਸ ਵਿਚ ਸ਼ਾਮਲ ਹੋ ਕੇ ਪੰਜਾਬ ਵਿਚ ਅਤਿਵਾਦ ਨੂੰ ਸੁਰਜੀਤ ਕਰਨ ਦੇ ਯਤਨ ਕੀਤੇ ਹਨ। 9 ਵਿਅਕਤੀਆਂ ਵਿਚ ਵੱਖ ਵੱਖ ਅਤਿਵਾਦੀ ਸੰਗਠਨਾਂ ਜਿਹਨਾਂ ਵਿਚ ਬੱਬਰ ਖਾਲਸਾ ਇੰਟਰਨੈਸ਼ਨਲ (ਬੀ ਕੇ ਆਈ), ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈ ਐਸ ਵਾਈ ਐਫ), ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇ ਜ਼ੈਡ ਐਫ), ਖਾਲਿਸਤਾਨ ਕਮਾਂਡੋਰ ਫੋਰਸ (ਕੇ ਸੀ ਐਫ) ਅਤੇ ਖਾਲਿਸਤਾਨ ਟਾਈਗਰ ਫੋਰਸ (ਕੇ ਟੀ ਐਫ) ਅਤੇ ਗੈਰ ਕਾਨੂੰਨੀ ਐਸੋਸੀਏਸ਼ਨ ਸਿੱਖਸ ਫਾਰ ਜਸਟਿਸ (ਐਸ ਐਫ ਜੇ) ਸ਼ਾਮਲ ਹਨ। ਜਿਹਨਾਂ ਵਿਅਕਤੀਆਂ ਨੂੰ ਅੱਜ ਬਕਾਇਦਾ ਅਤਿਵਾਦੀ ਐਲਾਨਿਆ ਗਿਆ ਉਹਨਾਂ ਵਿਚ ਬੀ ਕੇ ਆਈ ਦਾ ਵਧਾਵਾ ਸਿੰਘ ਬੱਬਰ, ਪਾਕਿ ਆਧਾਰਿਤ ਆਈ ਐਸ ਵਾਈ ਐਫ ਮੁਖੀ ਲਖਬੀਰ ਸਿੰਘ, ਪਾਕਿਸਤਾਨ ਆਧਾਰਿਤ ਜੇ ਜ਼ੈਡ ਐਫ ਮੁਖੀ ਰਣਜੀਤ ਸਿੰਘ, ਪਾਕਿਸਤਾਨ ਆਧਾਰਿਤ ਕੇ ਸੀ ਐਫ ਮੁਖੀ ਪਰਮਜੀਤ ਸਿੰਘ, ਜਰਮਨੀ ਆਧਾਰਿਤ ਕੇ ਜ਼ੈਡ ਅੇਫ ਦੇ ਮੁੱਖ ਮੈਂਬਰ ਗੁਰਮੀਤ ਸਿੰਘ ਬੱਗਾ, ਅਮਰੀਕਾ ਆਧਾਰਿਤ ਐਸ ਐਫ ਜੇ ਦਾ ਗੁਰਪੰਤ ਸਿੰਘ ਪੰਨੂ, ਕੈਨੇਡਾ ਆਧਾਰਿਤ ਕੇ ਟੀ ਐਫ ਮੁਖੀ ਹਰਦੀਪ ਸਿੰਘ ਨਿੱਝਰ ਅਤੇ ਯੂ ਕੇ ਆਧਾਰਿਤ ਬੀ ਕੇ ਆਈ ਮੁਖੀ ਪਰਮਜੀਤ ਸਿੰਘ ਸ਼ਾਮਲ ਹਨ।