ਨਿਰਵੈਰ ਸਿੰਘ ਸਿੰਧੀ
ਮਮਦੋਟ, 1 ਜੁਲਾਈ 2020 - ਅੱਧੀ ਰਾਤ ਨੂੰ ਅਣਪਛਾਤੇ ਲੁਟੇਰਿਆਂ ਨੇ ਪੈਟਰੋਲ ਪੰਪ ਤੇ ਤੇਲ ਪਵਾਉਦੇ ਹੋਏ ਕਾਰ ਮਾਲਕ ਨੂੰ ਧੱਕਾ ਦੇ ਕੇ ਕਾਰ ਨੂੰ ਖੋਹ ਕੇ ਫਰਾਰ ਹੋ ਗਏ। ਇਸ ਕਾਰ ਖੋਹਣ ਦੀ ਘਟਨਾ ਨੂੰ ਲੈ ਕੇ ਇਲਾਕੇ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸੇ ਦੌਰਾਨ ਥਾਣਾ ਲੱਖੋ ਬਹਿਰਾਮ ਦੀ ਪੁਲਿਸ ਵੀ ਪੈਟਰੋਲ ਪੰਪ 'ਤੇ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋਈਆਂ ਤਸਵੀਰਾਂ ਦੇ ਅਧਾਰ 'ਤੇ ਕਾਰਵਾਈ ਕਰਦੇ ਹੋਏ ਵੱਖ-ਵੱਖ ਜਗ੍ਹਾ 'ਤੇ ਛਾਪੇਮਾਰੀ ਕਰ ਰਹੀ ਹੈ ਅਤੇ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਅਣਪਛਾਤੇ ਲੁਟੇਰਿਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।
ਇਸ ਮੌਕੇ ਜਾਂਚ ਅਧਿਕਾਰੀ ਪ੍ਰਗਟ ਸਿੰਘ ਨੇ ਦੱਸਿਆ ਕਿ ਕਾਰ ਮਾਲਕ ਗੁਰਮੁਖ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਝੋਕ ਸਰਕਾਰੀ ਥਾਣਾ ਸਾਦਕ ਜੋ ਕੱਲ੍ਹ ਰਾਤ ਕਰੀਬ 11:45 ਵਜੇ ਆਪਣੀ ਬਰੇਜਾ ਕਾਰ ਪੀ ਬੀ 04 ਏਸੀ 5202 ਵਿਚ ਲੱਖੋ ਕਿ ਬਹਿਰਾਮ ਸਥਿਤ ਪੈਟਰੋਲ ਪੰਪ ਤੇਲ ਪਵਾਉਣ ਆਇਆ ਸੀ। ਜਿਉਂ ਹੀ ਉਹ ਗੱਡੀ ਵਿੱਚੋ ਉਤਰ ਕਿ ਪੈਸੇ ਦੇਣ ਲੱਗਾ ਤਾਂ ਇਕ ਅਣਪਛਾਤੇ ਵਿਅਕਤੀ ਨੇ ਉਸ ਨੂੰ ਜ਼ੋਰ ਨਾਲ ਧੱਕਾ ਦਿੱਤਾ ਅਤੇ ਚਾਬੀ ਖੋਹ ਲਈ ਅਤੇ ਉਸਦੀ ਬਰੇਜਾ ਕਾਰ ਸਮੇਤ ਫਰਾਰ ਹੋ ਗਿਆ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਬੜੀ ਮੁਸਤੈਦੀ ਨਾਲ ਨਾਕੇ ਲਗਾ ਕਿ ਗੱਡੀ ਨੂੰ ਪਿੰਡ ਝੋਕ ਹਰੀ ਹਰ ਦਾਣਾ ਮੰਡੀ ਦੇ ਨੇੜਿਉਂ ਗੈਰ ਅਬਾਦੀ ਏਰੀਏ ਵਿੱਚ ਬਰਾਮਦ ਕਰ ਲਿਆ ਹੈ। ਉਹਨਾਂ ਨੇ ਦੱਸਿਆ ਕਿ ਸਾਰੀ ਘਟਨਾ ਪਟਰੋਲ ਪੰਪ ਉੱਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਰਿਕਾਰਡ ਹੋਈ ਹੈ ਜਿਸ ਦੇ ਅਧਾਰ‘ ਤੇ ਸਾਰੇ ਤੱਥ ਅਤੇ ਸੁਰਾਗ ਇਕੱਠੇ ਕੀਤੇ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਅਣਪਛਾਤੇ ਲੁਟੇਰਿਆਂ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਤਹਿਤ ਵੱਖ-ਵੱਖ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ ਅਤੇ ਜਲਦੀ ਹੀ ਦੋਸ਼ੀ ਵਿਅਕਤੀਆਂ ਨੂੰ ਫੜ ਲਿਆ ਜਾਵੇਗਾ।