ਮੀਡੀਆਪਰਸਨ ਵੀ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿਚ ਫਰੰਟ ਲਾਈਨ ਯੋਧੇ ਹਨ: ਰਾਣਾ ਕੇ.ਪੀ. ਸਿੰਘ
ਐਸ.ਏ.ਐੱਸ. ਨਗਰ, 1 ਜੁਲਾਈ, 2020 :
“ਅੱਜ ਦੇ ਯੁੱਗ ਵਿਚ ਮੀਡੀਆ ਦੀ ਭੂਮਿਕਾ ਬਹੁਤ ਮਹੱਤਵ ਰੱਖਦਾ ਹੈ ਕਿਉਂਕਿ ਇਹ ਆਮ ਲੋਕਾਂ ਅਤੇ ਸਰਕਾਰ ਵਿਚਾਲੇ ਇਕ ਕੜੀ ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਜਾਣਕਾਰੀ ਨੂੰ ਫੈਲਾਉਂਦਾ ਹੈ ਅਤੇ ਲੋਕਾਂ ਦੀ ਰਾਏ ਨੂੰ ਢਾਲਦਾ ਹੀ।” ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਵੈਬ ਅਧਾਰਤ ਚੈਨਲ ਪੀ ਬੀ ਸੀ ਨਿਊਜ਼ ਦੇ ਉਦਘਾਟਨ ਮੌਕੇ ਕੀਤਾ।
ਸਪੀਕਰ ਨੇ ਅੱਗੇ ਕਿਹਾ ਕਿ ਐਮਰਜੈਂਸੀ ਸਥਿਤੀਆਂ ਜਿਵੇਂ ਕਿ ਮੌਜੂਦਾ ਕਰੋਨਾ ਵਾਇਰਸ ਮਹਾਂਮਾਰੀ ਵਿਚ ਮੀਡੀਆ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ ਕਿਉਂਕਿ ਸਹੀ ਜਾਣਕਾਰੀ ਦੇ ਪ੍ਰਸਾਰ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ ਹੁੰਦੀ ਹੈ।
ਉਨ੍ਹਾਂ ਇਸ ਤੱਥ ਦੀ ਵੀ ਸ਼ਲਾਘਾ ਕੀਤੀ ਕਿ ਮੌਜੂਦਾ ਸਥਿਤੀ ਵਿੱਚ ਮੀਡੀਆ-ਪਰਸਨਜ਼ ਆਪਣੀ ਡਿਊਟੀ ਬਹੁਤ ਪੇਸ਼ੇਵਰ ਤਰੀਕੇ ਨਾਲ ਨਿਭਾ ਰਹੇ ਹਨ ਅਤੇ ਪੁਲਿਸ ਅਤੇ ਸਿਹਤ ਵਿਭਾਗ ਦੇ ਨਾਲ-ਨਾਲ ਫਰੰਟ ਲਾਈਨ ਯੋਧਿਆਂ ਵਜੋਂ ਕੰਮ ਕਰ ਰਹੇ ਹਨ।
ਇਸ ਦੌਰਾਨ ਸਪੀਕਰ ਨੇ ਸਾਰਿਆਂ ਨੂੰ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਕਰਨ, ਬਾਹਰ ਜਾਣ ਸਮੇਂ ਮਾਸਕ ਪਹਿਨਣ ਅਤੇ ਸਾਬਣ ਤੇ ਸੈਨੀਟਾਈਜ਼ਰ ਨਾਲ ਹੱਥ ਧੋਣ ਸੰਬੰਧੀ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਕਿਹਾ ਤਾਂ ਜੋ ਮਿਸ਼ਨ ਫਤਿਹ ਨੂੰ ਦੁਨੀਆ ਦੇ ਹਰ ਕੋਨੇ ਵਿਚ ਪਹੁੰਚਾਇਆ ਜਾ ਸਕੇ।
ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਐਸਡੀਐਮ ਖਰੜ ਹਿਮਾਂਸ਼ੂ ਜੈਨ, ਐਸਪੀ ਦਿਹਾਤੀ ਰਵਜੋਤ ਗਰੇਵਾਲ ਅਤੇ ਪੀਬੀਸੀ ਨਿਊਜ਼ ਦੇ ਸੰਸਥਾਪਕ ਸਤਪਾਲ ਸਿੰਘ ਕਟਾਰੀਆ ਸ਼ਾਮਲ ਸਨ।