ਅਸ਼ੋਕ ਵਰਮਾ
ਬਠਿੰਡਾ, 1 ਜੁਲਾਈ 2020 - ਤੇਲ ਦੀਆਂ ਵਧਦੀਆਂ ਕੀਮਤਾਂ ਖਿਲਾਫ਼ ਰੋਜ਼ਾਨਾ ਰੋਸ ਪ੍ਰਦਰਸ਼ਨ ਹੋ ਰਹੇ ਹਨ। ਅੱਜ ਇੱਥੇ ਯੂਥ ਕਾਂਗਰਸ ਦੇ ਆਗੂਆਂ ਤੇ ਵਰਕਰਾਂ ਨੇ ਵੀ ਰੋਸ ਮੁਜ਼ਾਹਰਾ ਕਰਕੇ ਕੇਂਦਰ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਖੱਚਰ-ਰੇਹੜੇ 'ਤੇ ਚੜ੍ਹ ਕੇ ਨਾਅਰੇਬਾਜ਼ੀ ਕਰਦੇ ਹੋਏ ਮਿੰਨੀ ਸਕੱਤਰੇਤ ਪਹੁੰਚੇ। ਧਰਨਾਕਾਰੀਆਂ ਨੇ ਮਿੰਨੀ ਸਕੱਤਰੇਤ ਕੋਲ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਕੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਕੇਂਦਰ ਸਰਕਾਰ ਦੇ ਨਾਂਅ ਦਾ ਮੰਗ ਪੱਤਰ ਵੀ ਸੌਂਪਿਆ।
ਯੂਥ ਕਾਂਗਰਸ ਜ਼ਿਲ੍ਹਾ ਬਠਿੰਡਾ (ਦਿਹਾਤੀ) ਦੇ ਪ੍ਰਧਾਨ ਲਖਵਿੰਦਰ ਸਿੰਘ ਲੱਕੀ ਦੀ ਅਗਵਾਈ 'ਚ ਹੋਏ ਇਸ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਕਾਰਜ਼ਕਾਲ ਨੂੰ ਚੇਤੇ ਕਰਦਿਆਂ ਆਖਿਆ ਕਿ ਉਨ੍ਹਾਂ ਦੀ ਸਰਕਾਰ ਵੇਲੇ ਡੀਜ਼ਲ/ਪੈਟਰੌਲ 'ਤੇ ਐਕਸਾਈਜ਼ ਡਿਊਟੀ ਸਿਰਫ 3.62 ਰੁਪਏ ਸੀ ਜਦੋਂਕਿ ਮੋਦੀ ਸਰਕਾਰ ਨੇ ਇਸ ਨੂੰ ਵਧਾ ਕੇ 28.72 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਕਰੋਨਾ ਸੰਕਟ ਕਾਰਣ ਲੋਕਾਂ ਦੇ ਕੰਮ-ਧੰਦੇ ਠੱਪ ਪਏ ਹਨ ਪਰ ਮੋਦੀ ਸਰਕਾਰ ਤੇਲ ਕੀਮਤਾਂ 'ਚ ਵਾਧਾ ਕਰਕੇ ਲੋਕਾਂ 'ਤੇ ਹੋਰ ਬੋਝ ਪਾ ਰਹੀ ਹੈ । ਧਰਨਾਕਾਰੀਆਂ ਨੇ ਚਿਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਤੇਲ ਕੀਮਤਾਂ ਕੰਟਰੋਲ ਕਰਕੇ ਘੱਟ ਨਾ ਕੀਤੀਆਂ ਤਾਂ ਮਜ਼ਬੂਰ ਹੋਏ ਲੋਕ ਸੜਕਾਂ 'ਤੇ ਉੱਤਰਨਗੇ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਇੰਚਾਰਜ ਮਨਜੀਤ ਸਿੰਘ ਸਮੇਤ ਯੂਥ ਕਾਂਗਰਸ ਦੇ ਹੋਰ ਆਗੂ ਤੇ ਵਰਕਰ ਹਾਜ਼ਰ ਸਨ।