ਅਸ਼ੋਕ ਵਰਮਾ
ਬਠਿੰਡਾ, 2 ਜੁਲਾਈ 2020 - ਬਠਿੰਡਾ ਪ੍ਰਸ਼ਾਸ਼ਨ ਵੱਲੋਂ ਥਰਮਲ ਬੰਦ ਕਰਨ ਖਿਲਾਫ ਜਾਨ ਦੇਣ ਵਾਲੇ ਕਿਸਾਨ ਨੂੰ ਪੰਜ ਲੱਖ ਰੁਪਏ ਦਾ ਚੈਕ ਦੇਣ ਅਤੇ ਪੰਜ ਲੱਖ ਦਾ ਅਗਲਾ ਚੈਕ ਇਕ ਹਫਤੇ ਬਾਅਦ ਦਿੱਤੇ ਜਾਣ ਦੇ ਵਾਅਦੇ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀਆਂ ਮੰਗਾਂ ਮੰਨੇ ਜਾਣ ਉਪਰੰਤ ਬੁੱਧਵਾਰ ਨੂੰ ਪੈਦਾ ਹੋਇਆ ਵਿਵਾਦ ਖਤਮ ਹੋ ਗਿਆ ਹੈ। ਇਸ ਮਗਰੋਂ ਕਿਸਾਨ ਆਗੂਆਂ ਅਤੇ ਮ੍ਰਿਤਕ ਦੇ ਪਰਿਵਾਰ ਨੇ ਪੋਸਟਮਾਰਟਮ ਕਰਵਾਉਣ ਲਈ ਸਹਿਮਤੀ ਦੇ ਦਿੱਤੀ। ਜਿਸ ਤੋਂ ਬਾਅਦ ਅਫਸਰਾਂ ਨੇ ਸੁੱਖ ਦਾ ਸਾਹ ਲਿਆ। ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਚਕਾਰ ਲੰਮਾਂ ਸਮਾਂ ਮੀਟਿੰਗਾਂ ਦਾ ਦੌਰ ਚੱਲਿਆ। ਭਾਵੇਂ ਜ਼ਿਲਾ ਪ੍ਰਸ਼ਾਸਨ ਨੇ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਪਰ ਅਧਿਕਾਰੀ ਮ੍ਰਿਤਕ ਕਿਸਾਨ ਜੋਗਿੰਦਰ ਸਿੰਘ ਭੋਲਾ ਦੇ ਪਰਿਵਾਰ ਨੂੰ ਤਿੰਨ ਲੱਖ ਰੁਪਏ ਦੇਣ ‘ਤੇ ਕਾਫੀ ਸਮਾਂ ਅੜੇ ਰਹੇ ਜੋ ਕਿ ਗੱਲਬਾਤ ਦੌਰਾਨ ਡੈਡਲਾਕ ਦਾ ਕਾਰਨ ਵੀ ਬਣਿਆ।
ਜਾਣਕਾਰੀ ਮੁਤਾਬਕ ਕਈ ਵਾਰ ਕਿਸਾਨ ਆਗੂਆਂ ਤੇ ਅਧਿਕਾਰੀਆਂ ਵਿਚਕਾਰ ਗੱਲਬਾਤ ਟੁੱਟੀ ਪਰ ਅੰਤ ਨੂੰ ਮਾਮਲਾ ਤਣ ਪੱਤਣ ਲੱਗ ਗਿਆ। ਕਿਸਾਨ ਆਗੂਆਂ ਨੇ ਮ੍ਰਿਤਕ ਦੇ ਪਰਿਵਾਰ ਨੂੰ ਦਸ ਲੱਖ ਮੁਆਵਜ਼ਾ, ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ, ਮ੍ਰਿਤਕ ਸਿਰ ਚੜਿਆ ਸਾਰਾ ਕਰਜ਼ਾ ਮੁਆਫ ਅਤੇ ਬੰਦ ਪਏ ਬਠਿੰਡਾ ਥਰਮਲ ਨੂੰ ਚਾਲੂ ਕਰਨ ਦੀਆਂ ਮੰਗਾਂ ਰੱਖੀਆਂ ਸਨ। ਕਿਸਾਨ ਆਗੂ ਆਪਣੀਆਂ ਮੰਗਾਂ ਪ੍ਰਤੀ ਅਟੱਲ ਰਹੇ ਜਿਸ ਕਰਕੇ ਉਨ੍ਹਾਂ ਨੂੰ ਸਫਲਤਾ ਮਿਲ ਗਈ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਾਰੀਆਂ ਮੰਗਾਂ ਮੰਨਣ ਦਾ ਐਲਾਨ ਕਰਨਾ ਪਿਆ ਹੈ।ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਡਿਪਟੀ ਕਮਿਸ਼ਨਰ ਬੀਸ੍ਰੀਨਿਵਾਸਨ ਤੇ ਐਸਐਸਪੀ ਡਾ. ਨਾਨਕ ਸਿੰਘ ਨਾਲ ਹੋਈ ਮੀਟਿੰਗ ’ਚ ਬਣੀ ਸਹਿਮਤੀ ਦੇ ਅਧਾਰ ਤੇ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਪੰਜ ਲੱਖ ਦਾ ਚੈੱਕ ਮੌਕੇ ’ਤੇ ਹੀ ਦਿੱਤਾ ਹੈ ਜਦੋਂ ਕਿ ਪੰਜ ਲੱਖ ਇਕ ਹਫ਼ਤੇ ਬਾਅਦ ਦੇਣ ਦਾ ਭਰੋਸਾ ਦਿਵਾਇਆ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਜ਼ਿਲਾ ਪ੍ਰਸ਼ਾਸਨ ਨੇ ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ, ਸਾਰਾ ਕਰਜ਼ਾ ਮੁਆਫ ਕਰਨ ਅਤੇ ਥਰਮਲ ਨੂੰ ਚਾਲੂ ਰੱਖਣ ਲਈ ਸਰਕਾਰ ਨੂੰ ਲਿਖਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਇਹ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਵਿੱਢਿਆ ਜਾਏਗਾ। ਕਸਾਨ ਆਗੂ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਜੋਗਿੰਦਰ ਸਿੰਘ ਦਾ ਦੇ ਜੱਦੀ ਪਿੰਡ ਚੀਮਾ ਮੰਡੀ ਜ਼ਿਲਾ ਸੰਗਰੂਰ ‘ਚ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਕਿਸਾਨ ਕੋਲ ਚਾਰ ਏਕੜ ਜਮੀਨ ਹੈ ਜਿਸ ਵਿੱਚੋਂ ਦੋ ਏਕੜ ਗਹਿਣੇ ਰੱਖੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪ੍ਰੀਵਾਰ ਸਿਰ 19.50 ਲੱਖ ਰੁਪਏ ਦਾ ਕਰਜ਼ਾ ਹੈ। ਦੱਸਣਯੋਗ ਹੈ ਕਿ ਬੁੱਧਵਾਰ ਨੂੰ ਸਵੇਰੇ ਕਿਸਾਨ ਜੋਗਿੰਦਰ ਸਿੰਘ ਦੀ ਬਠਿੰਡਾ ਥਰਮਲ ਅੱਗੇ ਮੌਤ ਹੋ ਗਈ ਸੀ।