ਹਰੀਸ਼ ਕਾਲੜਾ
- ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਅਤੇ ਨੂਰਪੁਰ ਬੇਦੀ ਦੇ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ ਨੇ ਕਰੋਨਾ ਵਿਰੁੱਧ ਅਲਖ ਜਗਾਈ
ਸ੍ਰੀ ਅਨੰਦਪੁਰ ਸਾਹਿਬ, 2 ਜੁਲਾਈ 2020 - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਕੋਰੋਨਾ ਨੂੰ ਹਰਾਉਣ ਦੀ ਜੋ ਸ਼ੁਰੂਆਤ ਕੀਤੀ ਹੈ ਉਸਨੂੰ ਸਫਲ ਬਣਾਉਣ ਲਈ ਚਲਾਏ ਮਿਸਨ ਫਤਿਹ ਤਹਿਤ ਡਾਕਟਰ ਅਤੇ ਪੈਰਾਮੈਡੀਕਲ ਸਟਾਫ ਨੇ ਕਰੋਨਾ ਵੋਰੀਅਰਜ਼ ਦੇ ਤੋਰ ਤੇ ਸੇਵਾ ਨਿਭਾ ਕੇ ਆਮ ਲੋਕਾਂ ਨੂੰ ਕਰੋਨਾ ਤੋਂ ਬਚਾਅ ਦੇ ਜੋ ਉਪਰਾਲੇ ਕੀਤੇ ਹਨ ਉਸਦੇ ਲਈ ਵੱਖ ਵੱਖ ਸੰਗਠਨਾਂ ਵਲੋਂ ਉਹਨਾਂ ਦਾ ਵਿਸੇਸ਼ ਸਨਮਾਨ ਕੀਤਾ ਜਾ ਰਿਹਾ ਹੈ ਜਿਥੇ ਸੰਸਥਾਵਾਂ ਅੱਜ ਡਾਕਟਰਾਂ, ਪੈਰਾਮੈਡੀਕਲ ਸਟਾਫ, ਪੁਲਿਸ ਕਰਮਚਾਰੀ, ਸਫਾਈ ਕਰਮਚਾਰੀ, ਆਂਗਣਵਾੜੀ ਵਰਕਰਜ ਅਤੇ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਸਨਮਾਨ ਦਾ ਅਯੋਜਨ ਕਰ ਰਹੇ ਹਨ ਉਥੇ ਕੋਵਾ ਐਪ ਅਤੇ ਮਿਸ਼ਨ ਫਤਿਹ ਦੇ ਬੈਚ ਲਗਾ ਕੇ ਇਹ ਕਰਮਚਾਰੀ ਦਿਨ ਰਾਤ ਲੋਕਾਂ ਦੀ ਸੇਵਾਂ ਵਿੱਚ ਲੱਗੇ ਹੋਏ ਹਨ।
ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਸੀਨੀਅਰ ਮੈਡੀਕਲ ਅਫਸਰ ਡਾ ਚਰਨਜੀਤ ਕੁਮਾਰ ਦੀ ਅਗਵਾਈ ਵਿੱਚ ਸਮੁੱਚਾ ਸਟਾਫ ਜਿਥੇ ਕੋਵਿਡ ਟੈਸਟ ਕੁਲੈਕਸ਼ਨ ਵਿੱਚ ਰੁੱਝਿਆ ਹੋਇਆ ਹੈ ਉਥੇ ਨਿਯਮਤ ਰੂਪ ਵਿੱਚ ਹਸਪਤਾਲ ਵਿੱਚ ਆਉਣ ਵਾਲੇ ਲੋਕਾਂ ਅਤੇ ਮਰੀਜਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਬਾਰੇ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਮੁੱਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਦੇ ਸੀਨੀਅਰ ਮੈਡੀਕਲ ਅਫਸਰ ਡਾ ਰਾਮ ਪ੍ਰਕਾਸ਼ ਸਰੋਆ ਵਲੋਂ ਆਪਣੇ ਸਹਿਯੋਗੀ ਡਾਕਟਰਾਂ ਅਤੇ ਸਟਾਫ ਦੇ ਨਾਲ ਜਿਥੇ ਪਿੰਡਾਂ ਵਿੱਚ ਵਿਸੇਸ਼ ਜਾਗਰੂਕਤਾ ਮੁਹਿੰਮ ਵਿੰਡੀ ਹੋਈ ਹੈ ਉਥੇ ਆਸ਼ਾ ਵਰਕਰ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਬਾਰੇ ਪ੍ਰੇਰਿਤ ਕਰ ਰਹੇ ਹਨ।
ਨੂਰਪੁਰ ਬੇਦੀ ਦੇ ਸੀਨੀਅਰ ਮੈਡੀਕਲ ਅਫਸਰ ਡਾ ਸ਼ਿਵ ਕੁਮਾਰ ਦੀ ਅਗਵਾਈ ਵਿੱਚ ਸਿਹਤ ਵਿਭਾਗ ਨੇ ਨਿਵੇਕਲਾ ਉਪਰਾਲਾ ਕਰਦੇ ਹੋਏ ਘਰ ਘਰ ਜਾਗਰੂਕਤਾ ਅਭਿਆਨ ਦੀ ਇਕ ਨਵੀਂ ਸੁਰੂਆਤ ਕੀਤੀ ਅਤੇ ਤਕਨੀਕੀ ਢੰਗ ਨਾਲ ਉਸ ਨੂੰ ਅਪਣਾਇਆ ਜਿਸਨੂੰ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਵੀ ਸਰਾਹਿਆਂ ਹੈ। ਸਿਵਲ ਸਰਜਨ ਰੂਪਨਗਰ ਡਾ ਐਚ ਐਨ ਸਰਮਾਂ ਦੀ ਅਗਵਾਈ ਵਿੱਚ ਉਪ ਮੰਡਲ ਸ੍ਰੀ ਅਨੰਦਪੁਰ ਸਾਹਿਬ ਅਧੀਨ ਪੈਦੇ ਇਹਨਾਂ ਸਿਹਤ ਕੇਂਦਰਾਂ ਦੇ ਡਾਕਟਰ ਅਤੇ ਪੈਰਾਮੈਡੀਕਲ ਸਟਾਫ ਪੂਰੀ ਮਿਹਨਤ, ਲਗਨ ਅਤੇ ਤਨਦੇਹੀ ਨਾਲ ਕੰਮ ਕਰ ਰਿਹਾ ਹੈ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਵਲੋਂ ਪਹਿਲਾਂ ਹੀ ਜਿਲੇ ਵਿੱਚ ਬੇਹੱਤਰ ਸਿਹਤ ਸਹੂਲਤਾਂ ਦੇਣ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ ਵਲੋਂ ਵੀ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਹਰ ਹਾਲ ਵਿੱਚ ਆਮ ਲੋਕਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਜਾਗਰੂਕਤਾ ਮੁਹਿੰਮ ਨੂੰ ਜਮੀਨੀ ਪੱਧਰ ਤੇ ਲਾਗੂ ਕੀਤਾ ਜਾਵੇ। ਇਸ ਉਪ ਮੰਡਲ ਦੇ ਵਿੱਚ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਲੋਕਾਂ ਨੂੰ ਹਰ ਹਾਲ ਵਿੱਚ ਕੋਵਿਡ ਨੂੰ ਹਰਾਉਣ ਅਤੇ ਬੇਹੱਤਰ ਸਿਹਤ ਸਹੂਲਤਾਂ ਦੇਣ ਵਿੱਚ ਲੱਗੇ ਹੋਏ ਹਨ।