← ਪਿਛੇ ਪਰਤੋ
ਲੋਕੇਸ਼ ਰਿਸ਼ੀ
ਗੁਰਦਾਸਪੁਰ, 20 ਜੁਲਾਈ 2020 - ਲੈਂਡ ਪੋਰਟ ਅਥਾਰਿਟੀ ਆਫ਼ ਇੰਡੀਆ ਵੱਲੋਂ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਸਾਹਿਬ ਕਾਰੀਡੋਰ ਦੀ ਉੱਸਰੀ ਮੌਕੇ ਉੱਥੇ ਸਥਿਤ ਦਰਸ਼ਨ ਸਥਲ ਢਾਹੁਣ ਮੌਕੇ ਵਾਅਦਾ ਕੀਤਾ ਗਿਆ ਸੀ। ਕਿ ਕਾਰੀਡੋਰ ਦਾ ਕੰਮ ਮੁਕੰਮਲ ਹੋਣ ਮਗਰੋਂ ਇਸ ਨੂੰ ਮੁੜ ਉਸੇ ਤਰ੍ਹਾਂ ਹੀ ਬਣਵਾ ਦਿੱਤਾ ਜਾਵੇਗਾ। ਪਰ ਹੁਣ ਜਦੋਂ ਉਸ ਦਰਸ਼ਨ ਸਥਾਨ ਨੂੰ ਮੁੜ ਤੋਂ ਬਣਾਉਣ ਦੀ ਵਾਰੀ ਆਈ। ਤਾਂ ਵਿਭਾਗ ਵੱਲੋਂ ਮਹਿਜ਼ ਖਾਨਾ ਪੂਰਤੀ ਕਰਨ ਲਈ ਇੱਕ ਨੀਵਾਂ ਜਿਹਾ ਦਰਸ਼ਨ ਸਥਾਨ ਬਣਾ ਕੇ ਪਿੱਛਾ ਛੁਡਾਉਣ ਦੀ ਛੁਡਵਾਉਣਾ ਕੀਤੀ ਜਾ ਰਹੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ ਦੇ ਜਰਨਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਵੱਲੋਂ ਉਸ ਵੇਲੇ ਕੀਤਾ ਗਿਆ। ਜਦੋਂ ਉਹ ਆਪਣੀ ਸੰਸਥਾ ਦੇ ਬਾਕੀ ਨੁਮਾਇੰਦਿਆਂ ਸਮੇਤ ਤਹਿਸੀਲਦਾਰ ਡੇਰਾ ਬਾਬਾ ਨਾਨਕ ਨਵਕੀਰਤ ਸਿੰਘ ਰੰਧਾਵਾ ਕੋਲ ਪਹੁੰਚੇ ਅਤੇ ਉਪਰੋਕਤ ਮਾਮਲੇ ਸਬੰਧੀ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਇੱਕ ਮੰਗ ਪੱਤਰ ਦਿੱਤਾ। ਹਾਲਾਂ ਕਿ ਬਾਜਵਾ ਇਹ ਮੰਗ ਪੱਤਰ ਐੱਸ.ਡੀ.ਐਮ ਡੇਰਾ ਬਾਬਾ ਨਾਨਕ ਨੂੰ ਦੇਣ ਪਹੁੰਚੇ ਸਨ। ਪਰ ਉਹ ਮੌਕੇ ਤੇ ਮੌਜੂਦ ਨਾ ਹੋਣ ਕਾਰਨ ਸੰਸਥਾ ਨੇ ਤਹਿਸੀਲਦਾਰ ਅੱਗੇ ਆਪਣੀ ਮੰਗ ਰੱਖੀ। ਵਧੇਰੇ ਜਾਣਕਾਰੀ ਦਿੰਦਿਆਂ ਗੁਰਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਹ ਵਡਭਾਗੀ ਗੱਲ ਹੈ ਕਿ ਭਾਰਤ ਅਤੇ ਪਾਕਿਸਤਾਨੀ ਸਰਕਾਰ ਨੇ ਨਾਨਕ ਨਾਮ ਲੇਵਾ ਸੰਗਤ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ। ਕਰਤਾਰਪੁਰ ਸਾਹਿਬ ਕਾਰੀਡੋਰ ਖੋਲ੍ਹਣ ਦਾ ਨਿਰਨਾ ਲਿਆ। ਉਨ੍ਹਾਂ ਦੱਸਿਆ ਕਿ ਇਸ ਜਗ੍ਹਾ ਤੇ ਸੰਗਤ ਵੱਲੋਂ ਪਹਿਲਾਂ ਹੀ ਇੱਕ ਦਰਸ਼ਨ ਸਥਾਨ ਤਿਆਰ ਕਰਵਾਇਆ ਗਿਆ ਸੀ। ਜਿੱਥੇ ਖੜੀ ਹੋ ਕੇ ਸੰਗਤ ਦੂਰਬੀਨਾਂ ਰਾਹੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਿਆ ਕਰਦੀਆਂ ਸਨ। ਪਰ ਕਾਰੀਡੋਰ ਦੇ ਨਿਰਮਾਣ ਸਮੇਂ ਉਸ ਦਰਸ਼ਨ ਸਥਾਨ ਨੂੰ ਢਾਉਂਦੇ ਸਮੇਂ ਲੈਂਡ ਪੋਰਟ ਅਥਾਰਿਟੀ ਵੱਲੋਂ ਵਾਅਦਾ ਕੀਤਾ ਗਿਆ ਸੀ। ਕਿ ਨਿਰਮਾਣ ਪੂਰਾ ਹੋਣ ਮਗਰੋਂ ਇਸ ਦਰਸ਼ਨ ਸਥਾਨ ਨੂੰ ਪਹਿਲਾਂ ਨਾਲੋਂ ਵੀ ਵਧੀਆ ਅਤੇ ਢੁਕਵਾਂ ਬਣਾਇਆ ਜਾਵੇਗਾ। ਬਾਜਵਾ ਨੇ ਦੱਸਿਆ ਕਿ ਮੌਜੂਦਾ ਸਮੇਂ ਦੌਰਾਨ ਲੈਂਡ ਪੋਰਟ ਅਥਾਰਿਟੀ ਵੱਲੋਂ ਉਸ ਦਰਸ਼ਨ ਸਥਾਨ ਨੂੰ ਮੁੜ ਤੋਂ ਉਸਾਰਿਆ ਤਾਂ ਜਾ ਰਿਹਾ ਹੈ। ਪਰ ਉਸਾਰੀ ਨੂੰ ਵੇਖ ਕੇ ਇੰਜ ਲੱਗਦਾ ਹੈ ਜਿਵੇਂ ਸਿਰਫ਼ ਇੱਕ ਫਾਰਮੈਲਟੀ ਹੀ ਪੂਰੀ ਕੀਤੀ ਜਾ ਰਹੀ ਹੋਵੇ। ਉਨ੍ਹਾਂ ਦੱਸਿਆ ਕਿ ਜ਼ੀਰੋ ਲਾਈਨ ਤੇ ਮੁੜ ਤੋਂ ਉਸਾਰਿਆ ਜਾ ਰਿਹਾ ਦਰਸ਼ਨ ਸਥਾਨ ਬਹੁਤ ਨੀਵਾਂ ਤਿਆਰ ਕੀਤਾ ਜਾ ਰਿਹਾ ਹੈ। ਜਦੋਂ ਕਿ ਇਸ ਸਥਾਨ ਨੂੰ ਤੋੜਨ ਸਮੇਂ ਲੈਂਡ ਪੋਰਟ ਅਥਾਰਿਟੀ ਵੱਲੋਂ ਸੰਗਤਾਂ ਨਾਲ ਇਹ ਵਾਅਦਾ ਕੀਤਾ ਗਿਆ ਸੀ। ਕਿ ਨਵਾਂ ਦਰਸ਼ਨ ਸਥਾਨ ਭਾਰਤ ਪਾਕਿਸਤਾਨ ਵਿਚਕਾਰ ਬਣਾਏ ਗਏ ਪੁਲ ਤੋਂ ਉੱਚਾ ਹੋਵੇਗਾ। ਉਨ੍ਹਾਂ ਕਿਹਾ ਕਿ ਪਹਿਲੇ ਦਰਸ਼ਨ ਸਥਾਨ ਤੋਂ ਦੂਰਬੀਨਾਂ ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਸਾਫ਼ ਦਰਸ਼ਨ ਹੋ ਜਾਂਦੇ ਸਨ। ਪਰ ਹੁਣ ਪਾਕਿਸਤਾਨ ਵਾਲੇ ਪਾਸੇ ਕਾਰੀਡੋਰ ਸਬੰਧੀ ਇਮਾਰਤਾਂ ਦੀ ਉਸਾਰੀ ਹੋਣ ਕਾਰਨ ਨੀਵੇਂ ਸਥਾਨ ਤੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਨਹੀਂ ਹੋ ਸਕਣਗੇ। ਬਾਜਵਾ ਨੇ ਭਾਰਤ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕੀ ਡੇਰਾ ਬਾਬਾ ਨਾਨਕ ਵਿਖੇ ਸਥਿਤ ਦਰਸ਼ਨੀ ਸਥਾਨ ਨੂੰ ਪੁਲ ਨਾਲੋਂ ਉੱਚਾ ਬਣਾਇਆ ਜਾਵੇ। ਤਾਂ ਜੋ ਉਹ ਸੰਗਤ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕੇ। ਜੋ ਪਾਸਪੋਰਟ ਜਾਂ ਪੈਸੇ ਦੀ ਘਾਟ ਕਾਰਨ ਪਾਕਿਸਤਾਨ ਨਹੀਂ ਜਾ ਸਕਦੀ।
Total Responses : 257