ਫਿਰੋਜ਼ਪੁਰ 2 ਜੁਲਾਈ 2020 : ਪੇਂਡੂ ਡਿਸਪੈਂਸਰੀਆਂ ਵਿਚ ਕੰਮ ਕਰ ਰਹੇ ਮੁਲਾਜ਼ਮਾਂ ਦਾ ਧਰਨਾ 14ਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਧਰਨੇ ਵਿਚ ਪੇਂਡੂ ਫਾਰਮੇਸੀ ਯੂਨੀਅਨ ਦੇ ਪ੍ਰਧਾਨ ਹਨੂੰ ਤਿਵਾੜੀ ਨੇ ਆਖਿਆ ਕਿ ਪੇਂਡੂ ਲੋਕਾਂ ਦੀਆਂ ਸਿਹਤ ਸੇਵਾਵਾਂ ਪ੍ਰਤੀ ਘੋਰ ਲਾਪ੍ਰਵਾਹੀ ਵਿਖਾ ਕੇ ਸਰਾਕਰ ਪੇਂਡੂ ਫਾਰਮੇਸੀ ਅਫਸਰਾਂ ਅਤੇ ਦਰਜਾਚਾਰ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਕੋਈ ਵੀ ਠੋਸ ਕਦਮ ਨਹੀਂ ਦਿਖਾ ਰਹੀ ਹੈ। ਕੋਵਿਡ 19 ਕਾਰਨ ਪਿੰਡਾਂ ਦੇ ਗਰੀਬ ਲੋਕਾਂ ਨੂੰ ਮਹਿੰਗੇ ਭਾਅ ਝੋਲਾ ਛਾਪ ਡਾਕਟਰਾਂ ਪਾਸੋਂ ਸਿਹਤ ਸੇਵਾਵਾਂ ਲੈਣੀਆਂ ਪੈ ਰਹੀਆਂ ਹਨ।
ਪੇਂਡੂ ਡਿਸਪੈਂਸਰੀਆਂ ਵਿਚ ਕੰਮ ਕਰ ਰਹੇ ਫਾਰਮੇਸੀ ਅਫਸਰ ਅਤੇ ਦਰਜਾਚਾਰ ਪਿਛਲੇ 15 ਸਾਲਾਂ ਤੋਂ ਇਕ ਮਜ਼ਦੂਰ ਤੋਂ ਵੀ ਘੱਟ ਦਿਹਾੜੀ ਤੇ ਕੰਮ ਕਰ ਰਹੇ ਹਨ। ਇਨ੍ਹਾਂ ਮੁਲਾਜ਼ਮਾਂ ਨੇ ਕੋਵਿਡ 19 ਦੀ ਭਿਆਨਕ ਮਹਾਂਮਾਰੀ ਵਿਚ ਪੰਜਾਬ ਦੇ ਗੁਰਦੁਆਰਿਆਂ, ਮੰਦਿਰਾਂ, ਏਅਰਪੋਰਟ, ਸਾਰੇ ਬਾਰਡਰਾਂ, ਜੇਲ੍ਹਾਂ ਸਰਕਾਰੀ ਹਸਪਤਾਲਾਂ, ਆਈਸੋਲੇਸ਼ਨ ਵਾਰਡ, ਕੋਰੋਨਾ ਟੈਸਟ ਸੈਂਟਰ, ਸੈਂਪਲਿੰਗ ਆਦਿ ਤੇ 24 ਘੰਟੇ ਅਮਰਜੈਂਸੀ ਡਿਊਟੀਆਂ ਕੀਤੀਆਂ ਹਨ।
ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਨੂੰ ਰੈਗੂਲਰ ਕਰ ਰਹੇ ਹਾਂ, ਪਰ ਸਭ ਲਾਰੇ ਨਿਕਲੇ, ਜਿਸ ਤੋਂ ਬਾਅਦ ਸਾਨੂੰ ਇਨ੍ਹਾਂ ਡਿਊਟੀਆਂ ਦਾ ਬਾਈਕਾਟ ਕਰਨਾ ਪਿਆ। ਸਾਡੇ ਮੁਲਾਜ਼ਮਾਂ ਨੂੰ ਕੋਈ ਹੈੱਲਥ ਇੰਨਸ਼ੋਰੈਂਸ ਨਹੀਂ ਦਿੱਤਾ ਗਿਆ।
ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਧਰਨੇ ਨੂੰ ਉਸ ਵੇਲੇ ਉਤਸ਼ਾਹ ਮਿਲਿਆ ਜਦੋਂ ਪੰਜਾਬ ਰੈਗੂਲਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਵਿੰਦਰ ਲੂਥਰਾ, ਪੈਰਾ ਮੈਡੀਕਲ ਪੰਜਾਬ ਜਨਰਲ ਸਕੱਤਰ ਰਮਨ ਅੱਤਰੀ, ਰੇਡੀਓਗ੍ਰਾਫਰ ਯੂਨੀਅਨ ਦੇ ਪ੍ਰਧਾਨ ਸੰਦੀਪ ਸਿੰਘ, ਹਰਮੀਤ ਸਿੰਘ ਥਿੰਦ, ਨਰੇਸ਼ ਕੁਮਾਰ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਾਰੇ ਤੁਹਾਡੇ ਨਾਲ ਹਨ ਜੇ ਤੁਹਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਵੀ ਸਾਰੇ ਕੰਮ ਠੱਪ ਕਰਕੇ ਤੁਹਾਡਾ ਸਾਥ ਦੇਣਗੇ। ਇਸ ਧਰਨੇ ਨੂੰ ਪੇਂਡੂ ਫਾਰਮੇਸੀ ਯੂਨੀਅਨ ਦੇ ਪ੍ਰਧਾਨ ਤੋਂ ਇਲਾਵਾ ਗੁਰਦੇਵ ਸਿੰਘ, ਰਮਨ ਕੁਮਾਰ, ਵੀਰਪਾਲ ਕੌਰ, ਅਨੀਤਾ, ਹਰਜੀਤ ਕੋਰ, ਨਮਰਤਾ ਕੁਮਾਰੀ, ਰਛਪਾਲ ਸਿੰਘ, ਬੂਟਾ ਰਾਮ, ਸੁਰਿੰਦਰ ਆਦਿ ਨੇ ਵੀ ਸੰਬੋਧਨ ਕੀਤਾ।