ਕੈਨੇਡਾ: ਮਰਹੂਮ ਸਾਹਿਤਕਾਰ ਗੁਰਦੇਵ ਸਿੰਘ ਮਾਨ ਦੀ ਬਰਸੀ ਵਰਚੁਅਲ ਮੀਟਿੰਗ ਰਾਹੀਂ ਮਨਾਈ
ਹਰਦਮ ਮਾਨ
ਸਰੀ, 3 ਜੁਲਾਈ 2020-ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ, ਬੀਸੀ ਵੱਲੋਂ ਮਰਹੂਮ ਸਾਹਿਤਕਾਰ ਗੁਰਦੇਵ ਸਿੰਘ ਮਾਨ ਦੀ ਬਰਸੀ ਮੌਕੇ ਵਰਚੁਅਲ
ਮੀਟਿੰਗ ਰਾਹੀਂ ਉਨ੍ਹਾਂ ਨੂੰ ਯਾਦ ਕੀਤਾ ਗਿਆ। ਇਸ ਮੀਟਿੰਗ ਦੀ ਪ੍ਰਧਾਨਗੀ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ, ਸਕੱਤਰ ਪ੍ਰਿਤਪਾਲ ਗਿੱਲ, ਦਰਸ਼ਨ ਸਿੰਘ ਸੰਘਾ, ਕੁਲਦੀਪ ਗਿੱਲ ਅਤੇ ਇੰਦਰਪਾਲ ਸਿੰਘ ਸੰਧੂ ਨੇ ਕੀਤੀ।
ਮੀਟਿੰਗ ਦਾ ਆਗਾਜ਼ ਸਕੱਤਰ ਪ੍ਰਿਤਪਾਲ ਗਿੱਲ ਦੇ ਸਵਾਗਤ ਸ਼ਬਦਾਂ ਨਾਲ ਹੋਇਆ। ਕੁਲਦੀਪ ਸਿੰਘ ਗਿੱਲ ਨੇ ਗੁਰਦੇਵ ਸਿੰਘ ਮਾਨ ਬਾਰੇ ਸੰਖੇਪ ਪਰਚਾ ਪੜ੍ਹਿਆ। ਰੂਪਿੰਦਰ ਖਹਿਰਾ ਰੂਪੀ ਨੇ ਗੁਰਦੇਵ ਸਿੰਘ ਮਾਨ ਦਾ ਗੀਤ (ਰਾਤੀਂ ਸੀ ਉਡੀਕਾਂ ਤੇਰੀਆਂ) ਤਰੰਨੁਮ ਵਿੱਚ ਸਾਂਝਾ ਕੀਤਾ। ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ ਨੇ ਉਨ੍ਹਾਂ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ। ਗੁਰਵਿੰਦਰ ਸਿੰਘ ਧਾਲੀਵਾਲ ਨੇ ਗੁਰਦੇਵ ਸਿੰਘ ਮਾਨ ਦੇ ਲਿਖੇ ਕੁਝ ਗੀਤ ਸਾਂਝੇ ਕੀਤੇ, ਸਤਿੰਦਰ ਪਾਲ ਸਿੰਘ ਸਿੱਧਵਾਂ (‘ਪੰਜਾਬੀ ਲਹਿਰਾ’ ਟੋਰਾਂਟੋ) ਨੇ ਮਾਨ ਸਾਹਿਬ ਦੀ ਯਾਦ ਵਿੱਚ ਇੱਕ ਖੂਬਸੂਰਤ ਗੀਤ, ਗੁਰਦੇਵ ਸਿੰਘ ਮਾਨ ਦੀ ਬੇਟੀ ਹਰਪਾਲ ਕੌਰ ਰੰਧਾਵਾ (ਟਰਾਂਟੋ) ਤੇ ਰਾਣੀ ਥਿੰਦ ਅਤੇ ਉਨ੍ਹਾਂ ਦੇ ਜਵਾਈ ਵਾਹਿਗੁਰੂ ਸਿੰਘ ਨੇ ਉਨ੍ਹਾਂ ਦੀਆਂ ਪਰਿਵਾਰਕ ਯਾਦਾਂ ਅਤੇ ਗੀਤ ਸਾਂਝ ਕੀਤੇ।
ਪ੍ਰਸਿੱਧ ਲੇਖਕ ਰਵਿੰਦਰ ਰਵੀ ਨੇ ਸ਼ਾਇਰ ਦੇ ਸਾਹਿਤਕ ਸਫ਼ਰ ਅਤੇ ਉਨ੍ਹਾਂ ਨਾਲ ਆਪਣੀਆਂ ਮਹਿਫ਼ਿਲਾਂ ਤਾਜ਼ਾ ਕੀਤੀਆਂ, ਦਰਸ਼ਨ ਸਿੰਘ ਸੰਘਾ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਿੱਕਰ ਖੋਸਾ, ਪਲਵਿੰਦਰ ਸਿੰਘ ਰੰਧਾਵਾ, ਬਸੰਤ ਮੋਟਰਜ਼ ਦੇ ਸੀੲਓ ਬਲਦੇਵ ਸਿੰਘ ਬਾਠ, ਇੰਦਰਜੀਤ ਧਾਮੀ, ਗੁਰਮੀਤ ਸਿੰਘ ਸਿੱਧੂ, ਹਰਦਮ ਮਾਨ, ਹਰਸ਼ਰਨ ਕੌਰ, ਖੁਸ਼ਹਾਲ ਗਲੋਟੀ, ਮਾਸਟਰ ਅਮਰੀਕ ਸਿੰਘ ਲੇਲ੍ਹ, ਕੁਲਦੀਪ ਸਿੰਘ, ਭਵਜਿੰਦਰ ਸਿੰਘ ਮਾਨ (ਗੁਰਦੇਵ ਸਿੰਘ ਮਾਨ ਦਾ ਪੋਤਾ), ਬਿਟੂ ਖੰਨੇ ਵਾਲਾ, ਸ਼ਾਹਗੀਰ ਸਿੰਘ ਗਿੱਲ, ਸੁਖਦੀਪ ਗਿੱਲ ਨੇ ਆਪਣੀਆਂ ਕਵਿਤਾਵਾਂ, ਗੀਤਾਂ, ਯਾਦਾਂ ਰਾਹੀਂ ਗੁਰਦੇਵ ਸਿੰਘ ਮਾਨ ਨੂੰ ਯਾਦ ਕੀਤਾ।
ਗੁਰਭਜਨ ਸਿੰਘ ਗਿੱਲ ਵੱਲੋ ਭੇਜਿਆ ਗਿਆ ਸੁਨੇਹਾ ਵੀ ਸਾਂਝਾ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਨਾਲ ਆਪਣੀਆਂ ਯਾਦਾਂ ਅਤੇ ਉਨ੍ਹਾਂ ਦੇ ਗੀਤ ਚਰਖੀ ਮੇਰੀ ਰਾਂਗਲੀ, ਮੋਟਰ ਮਿਤੱਰਾਂ ਦੀ, ਮਿੱਤਰਾਂ ਦੀ ਲੂਣ ਦੀ ਡਲੀ, ਕੋਈ ਸੋਨਾ ਚਾਂਦੀ ਅਤੇ ਚੱਕ ਲਿਆ ਮੋਰ ਬਣ ਕੇ ਅਤੇ ਵਾਰਾਂ, ਮਹਾਂਕਾਵਿ, ਵਾਰਤਕ (ਕੁੰਡਾ ਖੋਲ੍ਹ ਬਸੰਤਰੀਏ) ਦੇ ਹਵਾਲੇ ਦਿੰਦਿਆਂ ਉਹਨਾਂ ਨੂੰ ਪੰਜਾਬੀ ਸਾਹਿਤ ਦਾ ਸ਼ਾਹ ਸਵਾਰ ਕਿਹਾ। ਅੰਤ ਵਿਚ ਸੁਰਜੀਤ ਸਿੰਘ ਮਾਧੋਪੁਰੀ ਨੇ ਸਭ ਦਾ ਧੰਨਵਾਦ ਕੀਤਾ ਗਿਆ ਅਤੇ ਮਾਨ ਸਾਹਿਬ ਦਾ ਗੀਤ “ਕਾਲਖ ਚੋਂ ਪੈਦਾ ਕਰ ਲਏ ਗੁੰਚੇ ਗੁਲਾਬ ਦੇ” ਪੇਸ਼ ਕੀਤਾ। ਮਾਨ ਸਾਹਿਬ ਦੇ ਪਰਿਵਾਰਕ ਮੈਂਬਰ ਰਾਜਵੀਰ, ਤੇਜਵੰਤ, ਬੱਬੂ ਪ੍ਰਭਜੀਤ ਵੀ ਇਸ ਮੀਟਿੰਗ ਵਿਚ ਸ਼ਾਮਿਲ ਹੋਏ। ਮੀਟਿੰਗ ਦੀ ਤਕਨੀਕੀ ਜ਼ਿੰਮੇਵਾਰੀ ਬਕਸ਼ਪ੍ਰੀਤ ਗਿੱਲ ਨੇ ਨਿਭਾਈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com