ਹਰਦਮ ਮਾਨ
ਸਰੀ, 3 ਜੁਲਾਈ 2020-ਪੰਜਾਬੀ ਲੈੰਗੂਏਜ ਐਜੂਕੇਸ਼ਨ ਅਸੋਸੀਏਸ਼ਨ (ਪਲੀਅ) ਦੇ ਪ੍ਰਧਾਨ ਬਲਵੰਤ ਸਿੰਘ ਸੰਘੇੜਾ ਨੇ ਪੰਜਾਬੀ ਭਾਸ਼ਾ ਦੇ ਪ੍ਰੇਮੀਆਂ ਨਾਲ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਇਸ ਸਾਲ ਸਰੀ ਦੇ ਕਾਫੀ ਹਾਈ ਸਕੂਲਾਂ ਅਤੇ ਐਲੀਮੈਂਟਰੀ ਸਕੂਲਾਂ ਵਿਚ ਪੰਜਾਬੀ ਭਾਸ਼ਾ ਦੀਆਂ ਕਲਾਸਾਂ ਚੱਲ ਰਹੀਆਂ ਹਨ ਅਤੇ ਆਸ ਹੈ ਕਿ ਸਤੰਬਰ 2020 ਤੋਂ ਕੁਝ ਹੋਰ ਸਕੂਲਾਂ ਵਿਚ ਵੀ ਪੰਜਾਬੀ ਦੀਆਂ ਕਲਾਸਾਂ ਸ਼ੁਰੂ ਹੋ ਜਾਣਗੀਆਂ। ਜ਼ਿਕਰਯੋਗ ਹੈ ਕਿ ਬੀ.ਸੀ. ਦੇ ਵਿਦਿਆ ਮੰਤਰਾਲੇ ਦੇ ਨਿਯਮਾਂ ਅਨੁਸਾਰ ਸਾਰੇ ਪਬਲਿਕ ਸਕੂਲਾਂ ਵਿਚ ਪੰਜਵੀਂ ਜਮਾਤ ਤੋਂ ਅੱਠਵੀਂ ਜਮਾਤ ਤੱਕ ਬੱਚਿਆਂ ਨੂੰ ਅੰਗਰੇਜ਼ੀ ਤੋਂ ਬਿਨਾਂ ਛੇ ਪ੍ਰਮਾਨਿਤ ਭਾਸ਼ਾਵਾਂ ਵਿਚੋਂ ਇਕ ਭਾਸ਼ਾ ਪੜ੍ਹਨੀ ਜ਼ਰੂਰੀ ਹੈ ਅਤੇ ਇਹਨਾਂ ਭਾਸ਼ਾਵਾਂ ਵਿਚ ਪੰਜਾਬੀ ਭਾਸ਼ਾ ਵੀ ਇਕ ਹੈ।
ਉਨ੍ਹਾਂ ਦੱਸਿਆ ਕਿ ਫਰਵਰੀ ਵਿਚ ਸਕੂਲ ਬੋਰਡ ਵਲੋਂ ਸਰੀ ਦੇ ਛੇ ਐਲੀਮੈੰਟਰੀ ਸਕੂਲਾਂ (ਬੀਅਰ ਕਰੀਕ, ਸਟਰਾਬੇਰੀ ਹਿੱਲ, ਚਿਮਨੀ ਹਿੱਲ, ਗਰੀਨ ਟਿੰਬਰਜ਼, ਟੀ.ਈ.ਸਕੌਟ ਅਤੇ ਨਿਊਟਨ) ਦੇ ਗਰੇਡ 4 ਦੇ ਬੱਚਿਆਂ ਦੇ ਮਾਪਿਆਂ ਨੂੰ ਸਤੰਬਰ ਤੋਂ ਗਰੇਡ 5 ਦੀਆਂ ਕਲਾਸਾਂ ਵਿਚ ਪੰਜਾਬੀ ਅਤੇ ਫਰਾਂਸੀਸੀ ਵਿੱਚੋਂ ਇਕ ਭਾਸ਼ਾ ਚੁਣਨ ਲਈ ਘਰੀਂ ਫਾਰਮ ਭੇਜੇ ਗਏ ਸਨ ਅਤੇ ਇਹ ਫਾਰਮ ਭਰ ਕੇ ਮਾਪਿਆਂ ਨੇ ਵਾਪਸ ਸਕੂਲਾਂ ਵਿਚ ਭੇਜਣੇ ਸਨ। ਪਲੀਅ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਇਹਨਾਂ ਸਕੂਲਾਂ ਵਿਚ ਪੰਜਵੀ ਜਮਾਤ ਦੀਆਂ ਪੰਜਾਬੀ ਕਲਾਸਾਂ ਲਈ ਹਾਲੇ ਹੋਰ ਵਿਦਿਆਰਥੀਆਂ ਦੀ ਲੋੜ ਹੈ। ਪਲੀਅ ਦੇ ਕਹਿਣ ਤੇ ਸਕੂਲ ਬੋਰਡ ਨੇ ਸਤੰਬਰ ਤਕ ਇਹਨਾਂ ਫਾਰਮਾਂ ਨੂੰ ਕਬੂਲ ਕਰਨਾ ਮੰਨ ਲਿਆ ਹੈ। ਸ. ਸੰਘੇੜਾ ਨੇ ਪਲੀਅ ਵਲੋਂ ਮੈਂ ਇਹਨਾਂ ਛੇ ਐਲੀਮੈੰਟਰੀ ਸਕੂਲਾਂ ਦੇ ਚੌਥੀ ਜਮਾਤ ਦੇ ਬੱਚਿਆਂ ਦੇ ਮਾਪਿਆਂ ਨੂੰ ਇਕ ਵਾਰ ਫੇਰ ਅਪੀਲ ਕੀਤੀ ਹੈ ਕਿ ਜਿਨ੍ਹਾਂ ਮਾਪਿਆਂ ਨੇ ਇਹ ਫਾਰਮ ਭਰ ਕੇ ਆਪਣੇ ਬੱਚੇ ਦੇ ਸਕੂਲ ਵਿਚ ਹਾਲੇ ਤਕ ਨਹੀਂ ਪੁਹੰਚਾਏ ਤਾਂ ਉਹ ਛੇਤੀ ਹੀ ਇਸ ਫਾਰਮ ਦੇ ਪੰਜਾਬੀ ਭਾਸ਼ਾ ਉਪਰ ਮਾਰਕਾ ਲਾ ਕੇ ਆਪਣੇ ਬੱਚੇ ਦੇ ਸਕੂਲ ਵਿਚ ਪਹੁੰਚਾਉਣ। ਉਨ੍ਹਾਂ ਕਿਹਾ ਕਿ ਇਹ ਸਾਡੇ ਸਭ ਲਈ ਬਹੁਤ ਹੀ ਅਹਿਮ ਮਸਲਾ ਹੈ।
ਬਲਵੰਤ ਸਿੰਘ ਸੰਘੇੜਾ
ਪਲੀਅ ਵਲੋਂ ਸਮੁੱਚੀ ਕਮਿਊਨਿਟੀ ਅਤੇ ਇਹਨਾਂ ਸਭ ਸਕੂਲਾਂ ਵਿਚ ਜਾਂਦੇ ਬੱਚਿਆਂ ਦੇ ਮਾਪਿਆਂ ਨੂੰ ਹਰੇਕ ਪੰਜਾਬੀ ਕਲਾਸ ਲਈ ਵੱਧ ਤੋਂ ਵੱਧ ਬੱਚੇ ਰਜਿਸਟਰ ਕਰਵਾਉਣ ਅਤੇ ਮਾਂ ਬੋਲੀ ਪੰਜਾਬੀ ਦੀ ਪ੍ਰਫੁੱਲਤਾ ਲਈ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ ਹੈ।
ਇਸ ਬਾਰੇ ਹੋਰ ਜਾਣਕਾਰੀ ਲਈ ਬੱਚਿਆਂ ਦੇ ਮਾਪੇ ਸਬੰਧਤ ਸਕੂਲ, ਸਰੀ ਸਕੂਲ ਬੋਰਡ ਜਾਂ ਬਲਵੰਤ ਸਿੰਘ ਸੰਘੇੜਾ ਨਾਲ 604-836-8976 ਉਪਰ ਜਾਂ ਸਾਧੂ ਬਿਨਿੰਗ ਨਾਲ 778-773-1886 ਨਾਲ ਸੰਪਰਕ ਕਰ ਸਕਦੇ ਹਨ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com