ਹਰਦਮ ਮਾਨ
ਸਰੀ, 3 ਜੁਲਾਈ 2020 - ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਤੇ ਟਰਸਟ ਦੇ ਇੰਡੀਆ ਚੈਪਟਰ ਨੇ 18 ਅਗਸਤ 2020 ਦਿਨ ਸਨਿਚਰਵਾਰ ਨੂੰ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਅਤੇ ਪੰਜਾਬ ਵਿਚ ਪਟਿਆਲਾ ਵਿਖੇ ਸਾਂਝੇ ਤੌਰ ਤੇ ਡਾ. ਹਰਿਭਜਨ ਸਿੰਘ ਦਾ ਸ਼ਤਾਬਦੀ ਸਮਾਗਮ ਮਨਾਉਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਪ੍ਰਸਿੱਧ ਸਾਹਿਤਕਾਰ ਜੈਤੇਗ ਸਿੰਘ ਅਨੰਤ (ਕੈਨੇਡਾ) ਅਤੇ ਉਜਾਗਰ ਸਿੰਘ (ਪਟਿਆਲਾ) ਨੇ ਕਿਹਾ ਹੈ ਕਿ ਸਰਬ ਕਲਾ ਸੰਪੰਨ ਅਕਾਦਮੀਸ਼ਨ ਡਾ. ਹਰਿਭਜਨ ਸਿੰਘ ਹਿੰਦੀ, ਪੰਜਾਬੀ, ਅੰਗਰੇਜ਼ੀ ਤੇ ਫਾਰਸੀ ਦੇ ਗਿਆਤਾ ਅਤੇ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਸਨ। ਉਹ ਇਕ ਸਿਰਮੌਰ ਚਿੰਤਕ, ਸਫਲ ਅਧਿਆਪਕ, ਚੋਟੀ ਦੇ ਸਮੀਖਿਆਕਾਰ ਅਤੇ ਉੱਚਪਾਏ ਦੇ ਅਨੁਵਾਦਕ ਸਨ, ਜਿਨ੍ਹਾਂ ਨੇ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਵਿਚ 100 ਤੋਂ ਉਪਰ ਪੁਸਤਕਾਂ ਪਾਠਕਾਂ ਦੀ ਝੋਲੀ ਪਾਈਆਂ ਹਨ।
ਡਾ. ਹਰਿਭਜਨ ਸਿੰਘ ਨੇ ਭਾਰਤੀ ਸਾਹਿਤ ਦੇ ਖੇਤਰ ਵਿਚ ਦੇਸ ਵਿਦੇਸ਼ ਦੇ ਅਨੇਕਾਂ ਵੱਕਾਰੀ ਅਵਾਰਡ ਪ੍ਰਾਪਤ ਕੀਤੇ ਹਨ, ਜਿਨ੍ਹਾਂ ਵਿਚ ਸਾਹਿਤ ਅਕਾਡਮੀ ਅਵਾਰਡ, ਮੱਧ ਪ੍ਰਦੇਸ ਸਰਕਾਰ ਦਾ ਕਬੀਰ ਅਵਾਰਡ, ਬਿਰਲਾ ਫਾਊਂਡੇਸਨ ਦਾ ਸਰਸਵਤੀ ਅਵਾਰਡ ਪ੍ਰਮੁੱਖ ਹਨ। ਉਹ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਆਫ ਅਮੈਰਿਸਟ ਸਨ। ਉਨ੍ਹਾਂ ਆਧੁਨਿਕ ਪੰਜਾਬੀ ਕਵਿਤਾ ਦੇ ਨਵੇਂ ਮੁਹਾਂਦਰੇ ਨੂੰ ਜਨਮ ਦਿੱਤਾ। ਉਨ੍ਹਾਂ ਦੀ ਅਗਵਾਈ ਵਿਚ 30 ਤੋਂ ਉਪਰ ਵਿਦਿਆਰਥੀਆਂ ਨੇ ਖੋਜ ਕਾਰਜਾਂ ਵਿਚ ਪੀ ਐਚ ਡੀ (ਡਾਕਟਰੇਟ) ਕੀਤੀ ਹੈ। ਉਨ੍ਹਾਂ ਦੇ ਅਧਿਆਪਨ ਤੇ ਵਿਦਵਤਾ ਤੋਂ ਗਿਆਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਬਾਅਦ ਵਿਚ ਆਪੋ ਆਪਣੇ ਖੇਤਰਾਂ ਵਿਚ ਚੋਟੀ ਦੀਆਂ ਪਦਵੀਆਂ ਤੇ ਪਹੁੰਚੇ ਹਨ, ਜਿਨ੍ਹਾਂ ਵਿਚ ਰਾਜਪਾਲ ਅਤੇ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਸ਼ਾਮਲ ਹਨ।
ਪ੍ਰਸਿੱਧ ਸਾਹਿਤਕਾਰ ਜੈਤੇਗ ਸਿੰਘ ਅਨੰਤ ਅਤੇ ਉਜਾਗਰ ਸਿੰਘ ਪਟਿਆਲਾ ਤੋਂ ਇਲਾਵਾ ਦਲਜੀਤ ਸਿੰਘ ਸੰਧੂ, ਲਖਵਿੰਦਰ ਸਿੰਘ ਖੰਗੂੜਾ ਅਤੇ ਇੰਡੀਆ ਚੈਪਟਰ ਦੇ ਉਜਾਗਰ ਸਿੰਘ, ਇੰਜਨੀਅਰ ਜੋਤਿੰਦਰ ਸਿੰਘ ਤੇ ਇੰਦਰਜੀਤ ਸਿੰਘ ਭਾਈਰੂਪਾ ਇਸ ਸ਼ਤਾਬਦੀ ਸਮਾਗਮ ਦੇ ਭਾਈਵਾਲ ਹੋਣਗੇ।
ਪਟਿਆਲਾ ਵਿਖੇ ਹੋਣ ਵਾਲਾ ਸਮਾਗਮ ਵਰਲਡ ਪੰਜਾਬੀ ਸੈਂਟਰ ਅਤੇ ਚੜ੍ਹਦੀ ਕਲਾ ਟਾਈਮ ਟੀ ਵੀ ਦੇ ਸਹਿਯੋਗ ਅਤੇ ਸਰਪਰਸਤੀ ਹੇਠ ਕੀਤੇ ਜਾਵੇਗਾ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com