ਰਜਨੀਸ਼ ਸਰੀਨ
ਨਵਾਂਸ਼ਹਿਰ, 3 ਜੁਲਾਈ 2020 - ਜ਼ਿਲ੍ਹੇ ਚ ਕਲ੍ਹ ਦੇਰ ਰਾਤ ਆਏ ਕੋਵਿਡ ਟੈਸਟਾਂ ਦੇ ਨਤੀਜਿਆਂ ਚ ਵਿਦੇਸ਼ ਅਤੇ ਬਿਹਾਰ ਤੋਂ ਆਏ 6 ਵਿਅਕਤੀਆਂ ਸਮੇਤ 7 ਰਿਪੋਰਟਾਂ ਪਾਜ਼ਿਟਿਵ ਪਾਈਆਂ ਗਈਆਂ।
ਸਿਵਲ ਸਰਜਨ ਡਾਕਟਰ ਰਾਜਿੰਦਰ ਪ੍ਰਸ਼ਾਦ ਭਾਟੀਆ ਨੇ ਦੱਸਿਆ ਕਿ ਵਿਦੇਸ਼ ਤੋਂ ਪਰਤੇ ਅਤੇ ਸਟੇਟ ਇਕਾਂਤਵਾਸ ਕੇਂਦਰ ਕੇ ਸੀ ਕਾਲਜ ਤੇ ਰਾਇਤ ਕਾਲਜ ਚ ਰੱਖੇ 5 ਵਿਅਕਤੀ ਸਰਹਾਲ ਕਾਜ਼ੀਆਂ, ਘੁੰਮਣ, ਟੀਚਰ ਕਲੋਨੀ ਬਲਾਚੌਰ, ਮਹਿੰਦੀਪੁਰ, ਕੰਗਣਾ ਬੇਟ ਨਾਲ ਸਬੰਧਤ ਹਨ।
ਇਸੇ ਤਰਾਂ ਅਨੋਖਰਵਾਲ ਚ ਬਿਹਾਰ ਤੋਂ ਆਏ ਵਿਅਕਤੀ ਦਾ ਟੈਸਟ ਪਾਜ਼ਿਟਿਵ ਆਇਆ ਹੈ ਜਦਕਿ ਨਵਾਂ ਸ਼ਹਿਰ ਜ਼ਿਲ੍ਹਾ ਹਸਪਤਾਲ ਚ ਫ਼ਲੂ ਕਾਰਨਰ ਤੇ ਖੁਦ ਟੈਸਟ ਕਰਵਾ ਕੇ ਗਏ ਮਹਿੰਦੀਪੁਰ ਦੇ ਇੱਕ ਨੌਜਵਾਨ ਦਾ ਟੈਸਟ ਪਾਜ਼ਿਟਿਵ ਆਇਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰਿਆਂ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਤਬਦੀਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਜ਼ਿਲ੍ਹੇ ਚ 23 ਐਕਟਿਵ ਕੇਸ ਹੋ ਗਏ ਹਨ ਜਦਕਿ ਪਟਿਆਲਾ ਅਤੇ ਅੰਮ੍ਰਿਤਸਰ ਰੈਫਰ ਕੀਤੇ ਗਏ ਦੋ ਕੇਸਾਂ ਨੂੰ ਮਿਲਾ ਕੇ 25 ਬਣਦੇ ਹਨ।