ਹਰਦਮ ਮਾਨ
ਸਰੀ, 3 ਜੁਲਾਈ 2020 - ਵੈਨਕੂਵਰ ਵਿਚਾਰ ਮੰਚ ਵੱਲੋਂ ਨਾਮਵਰ ਕਵੀਸ਼ਰ ਬਾਪੂ ਕਰਨੈਲ ਸਿੰਘ ਪਾਰਸ ਦੇ ਜਨਮ ਦਿਨ ਜਰਨੈਲ ਆਰਟਸ ਅਕੈਡਮੀ, ਸਰੀ ਵਿਖੇ ਮਨਾਇਆ ਗਿਆ। ਇਸ ਮੌਕੇ ਇਕ ਸੰਖੇਪ ਸਮਾਗਮ ਵਿਚ ਮਰਹੂਮ ਪਾਰਸ ਦੇ ਸ਼ਗਿਰਦ ਚਮਕੌਰ ਸਿੰਘ ਸੇਖੋਂ, ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਵਿਸ਼ਵ ਪ੍ਰਸਿੱਧ ਆਰਟਿਸਟ ਜਰਨੈਲ ਸਿੰਘ, ਸ਼ਾਇਰ ਮੋਹਨ ਗਿੱਲ, ਕਵੀਸ਼ਰ ਹੰਸਾ ਸਿੰਘ ਜਵੰਧਾ, ਨਵਦੀਪ ਗਿੱਲ, ਰੇਡੀਓ ਹੋਸਟ ਅੰਗਰੇਜ਼ ਬਰਾੜ, ਸ਼ਾਇਰ ਹਰਦਮ ਸਿੰਘ ਮਾਨ, ਕੁਲਦੀਪ ਸਿੰਘ ਬਰਾੜ ਅਤੇ ਹਰਮਨਪ੍ਰੀਤ ਢਿੱਲੋਂ ਨੇ ਉਨ੍ਹਾਂ ਦੇ ਜੀਵਨ, ਕਵੀਸ਼ਰੀ ਅਤੇ ਪੰਜਾਬੀ ਸੱਭਿਅਚਾਰ ਪ੍ਰਤੀ ਵੱਡਮੁੱਲੀ ਦੇਣ ਬਾਰੇ ਵਿਚਾਰ ਪ੍ਰਗਟ ਕੀਤੇ ਅਤੇ ਯਾਦਾਂ ਸਾਂਝੀਆਂ ਕੀਤੀਆਂ ਅਤੇ ਕੇਕ ਕੱਟ ਕੇ ਜਨਮ ਦਿਨ ਦੀ ਖੁਸ਼ੀ ਮਨਾਈ ਗਈ।
ਪ੍ਰਸਿੱਧ ਸਾਹਿਤਕਾਰ ਜਰਨੈਲ ਸਿੰਘ ਸੇਖਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਵ. ਕਰਨੈਲ ਸਿੰਘ ਪਾਰਸ ਦੀ ਸਭ ਤੋਂ ਵੱਡੀ ਦੇਣ ਇਹ ਰਹੀ ਕਿ ਉਨ੍ਹਾਂ ਕਵੀਸ਼ਰੀ ਨੂੰ ਸਾਹਿਤਕ ਰੰਗਤ ਦਿੱਤੀ ਅਤੇ ਉਨ੍ਹਾਂ ਦੀ ਕਵੀਸ਼ਰੀ ਲੋਕ ਅਖਾਣ ਬਣ ਚੁੱਕੀ ਹੈ।। ਮੋਹਨ ਗਿੱਲ ਨੇ ਕਿਹਾ ਕਿ ਉਨ੍ਹਾਂ ਦੀ ਕਵੀਸ਼ਰੀ ਵਿਚ ਦ੍ਰਿਸ਼ ਵਰਨਣ ਕਮਾਲ ਦਾ ਹੈ ਅਤੇ ਤਸ਼ਬੀਹਾਂ ਰਾਹੀਂ ਜ਼ਿੰਦਗੀ ਦੀ ਖੂਬਸੂਰਤ ਤਸਵੀਰਕਸ਼ੀ ਕੀਤੀ ਗਈ ਹੈ। ਜਰਨੈਲ ਸਿੰਘ ਆਰਟਿਸਟ ਨੇ ਵੀ ਉਨ੍ਹਾਂ ਨੂੰ ਕਵੀਸ਼ਰ ਦਾ ਬਾਦਸ਼ਾਹ ਦੱਸਿਆ। ਹੰਸਾ ਸਿੰਘ ਜਵੰਧਾਂ ਨੇ ਉਨ੍ਹਾਂ ਦੀ ਕਵੀਸ਼ਰੀ ਨੂੰ ਸਿਜਦਾ ਕੀਤਾ। ਹਰਦਮ ਸਿੰਘ ਮਾਨ ਨੇ ਕਿਹਾ ਕਿ ਬਾਪੂ ਪਾਰਸ ਵੱਲੋਂ ਪੰਜਾਬੀ ਸੱਭਿਅਚਾਰ ਵਿਚ ਪਾਏ ਅਥਾਹ ਯੋਗਦਾਨ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। ਅੰਗਰੇਜ਼ ਬਰਾੜ ਨੇ ਕਿਹਾ ਕਿ ਅੱਜ ਵੀ ਉਨ੍ਹਾਂ ਦੀ ਕਵੀਸ਼ਰੀ ਸੁਣ ਕੇ ਮਨੁੱਖੀ ਜੀਵਨ ਦੀ ਸੱਚਾਈ ਸਾਹਮਣੇ ਆ ਜਾਂਦੀ ਹੈ। ਨਵਦੀਪ ਗਿੱਲ ਨੇ ਉਨ੍ਹਾਂ ਦੇ ਜੀਵਨ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਹ ਬਹੁਪੱਖੀ ਸ਼ਖ਼ਸੀਅਤ ਅਤੇ ਵਿਦਵਤਾ ਦੇ ਮਾਲਕ ਸਨ। ਉਹ ਬੇਹੱਦ ਰੌਚਕ ਅਤੇ ਖੁਸ਼ਦਿਲ ਇਨਸਾਨ ਸਨ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com