ਹਰੀਸ਼ ਕਾਲੜਾ
ਰੂਪਨਗਰ, 3 ਜੁਲਾਈ 2020 - ਮਿਸ਼ਨ ਫਤਿਹ ਅਧੀਨ ਮਾਨਸੂਨ ਸੀਜਨ ਨੂੰ ਮੁੱਖ ਰੱਖਦਿਆਂ ਵੈਕਟਰਬੋਰਨ ਬੀਮਾਰੀਆਂ ਦੇ ਸੰਬੰਧ ਵਿੱਚ ਜਿਲ੍ਹਾ ਟਾਸਕ ਫੋਰਸ ਕਮੇਟੀ ਦੀ ਮੀਟਿੰਗ ਏ.ਡੀ.ਸੀ.(ਜ) ਮੈਡਮ ਦੀਪ ਸ਼ਿਖਾ ਦੀ ਪ੍ਰਧਾਨਗੀ ਹੇਠ ਕਮੇਟੀ ਰੂਮ ਵਿਖੇ ਹੋਈ। ਇਸ ਮੌਕੇ ਉਹਨਾਂ ਸਮੂਹ ਸੰਬੰਧਤ ਵਿਭਾਗਾਂ ਜਿਵੇਂ ਕਿ ਸਿਖਿਆ ਵਿਭਾਗ, ਸਥਾਨਕ ਸਰਕਾਰ ਵਿਭਾਗ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪਸ਼ੂ ਪਾਲਣ ਵਿਭਾਗ, ਪੰਜਾਬ ਰੋਡਵੇਜ ਵਿਭਾਗ, ਵਾਟਰ ਸਪਲਾਈ ਸੀਵਰੇਜ ਬੋਰਡ, ਜਿਲ੍ਹਾ ਸਮਾਜਿਕ ਸਿੱਖਿਆ ਅਫਸਰ ਪਬਲਿਕ ਹੈਲਥ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਿਹਤ ਵਿਭਾਗ ਨਾਲ ਤਾਲਮੇਲ ਕਰਦੇ ਹੋਏ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆਂ ਵਰਗੀਆਂ ਬੀਮਾਰੀਆਂ ਤੋ ਬਚਾਉਣ ਲਈ ਵੱਧ ਤੋਂ ਵੱਧ ਉਪਰਾਲੇ ਕਰਨ ਅਤੇ ਜਨਤਾ ਨੂੰ ਜਾਗਰੂਕ ਕਰਨ।ਹਰ ਸ਼ੁਕਰਵਾਰ ਨੂੰ ਡਰਾਈ ਡੇ ਦੇ ਤੋਰ ਤੇ ਮਨਾਇਆ ਜਾਵੇ। ਸਰਕਾਰੀ ਦਫਤਰਾਂ ਵਿੱਚ ਇਸਤੇਮਾਲ ਕੀਤੇ ਜਾ ਰਹੇ ਕੂਲਰਾਂ ਨੂੰ ਸਾਫ ਰੱਖਿਆ ਜਾਵੇ , ਟੈਂਕੀਆਂ ਨੂੰ ਢੱਕ ਕੇ ਰੱਖਿਆ ਜਾਵੇ ਅਤੇ ਕਿਤੇ ਵੀ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ।
ਸਿਵਲ ਸਰਜਨ ਡਾ. ਐਚ.ਐਨ.ਸ਼ਰਮਾ ਨੇ ਪਾਵਰ ਪੁਆਇੰਟ ਸਲਾਇਡਾਂ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ ਜੋ ਕਿ ਇੱਕ ਮਾਦਾ ਮੱਛਰ ਹੈ ਤੇ ਜਿਆਦਾਤਰ ਸ਼ਾਮ ਵੇਲੇ ਕੱਟਦਾ ਹੈ। ਡੇਂਗੂ ਬੁਖਾਰ ਏਡੀਜ਼ ਅਜੈਪਟਾਈ ਨਾਂ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਡੇਂਗੂ ਬੁਖਾਰ ਦੇ ਲੱਛਣਾਂ ਬਾਰੇ ਦੱਸਦੇ ਹੋਏ ਉਹਨਾਂ ਕਿਹਾ ਕਿ ਡੇਂਗੂ ਵਾਇਰਲ ਬੁਖਾਰ ਹੈ ਇਸ ਦੇ ਮੁੱਖ ਲੱਛਣਾ ਵਿੱਚ ਤੇਜ ਬੁਖਾਰ, ਸਿਰ ਦਰਦ, ਜੀਅ ਕੱਚਾ ਹੋਣਾ, ਉਲਟੀ, ਅੱਖ ਦੇ ਪਿਛਲੇ ਹਿੱਸੇ ਵਿੱਚ ਦਰਦ, ਅੱਖਾਂ ਵਿੱਚ ਲਾਲੀ ਹੋਣਾ ਅਤੇ ਸ਼ਰੀਰ ਵਿੱਚ ਪਲੈਟਲੈਟਸ ਦੇ ਕਣਾਂ ਦੀ ਕਮੀ ਹੋਣਾ ਤੇ ਨੱਕ ਰਾਹੀਂ, ਮੂੰਹ ਰਾਸਤੇ, ਪਿਸ਼ਾਬ ਤੇ ਪਖਾਨੇ ਰਸਤੇ ਖੂਨ ਦਾ ਵਗਣਾ ਅਤੇ ਸ਼ਰੀਰ ਦੀ ਚਮੜੀ ਉਪਰ ਖੂਨ ਦੇ ਧੱਬੇ ਬਣ ਜਾਣਾ ਹੈ।
ਇਸ ਬੀਮਾਰੀ ਤੋਂ ਬਚਾਅ ਲਈ ਉਹਨਾਂ ਦੱਸਿਆ ਕਿ ਰਾਤ ਨੂੰ ਪੂਰੀ ਬਾਂਹ ਦੇ ਕੱਪੜੇ, ਮੱਛਰਦਾਨੀ ਦਾ ਉਪਯੋਗ, ਮੱਛਰ ਨਾਸ਼ਕ ਕਰੀਮਾਂ ਤੇ ਸਪਰੇਅ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਤੇ ਆਪਣੇ ਆਸ-ਪਾਸ ਸਫਾਈ ਰੱਖਣੀ ਚਾਹੀਦੀ ਹੈ ਤੇ ਕਿਤੇ ਵੀ ਪਾਣੀ ਨਹੀਂ ਖੜ੍ਹਾ ਹੋਣਾ ਚਾਹੀਦਾ, ਕੂਲਰਾਂ ਦਾ ਪਾਣੀ ਬਦਲਦੇ ਰਹਿਣਾ ਚਾਹੀਦਾ ਹੈ ਫਰਿਜਾਂ ਦੀਆਂ ਟਰੇਆਂ ਛੱਤ ਉਪਰ ਪਏ ਟੁੱਟੇ ਹੋਏ ਬਰਤਨਾਂ, ਖਾਲੀ ਟਾਇਰਾਂ, ਗਮਲਿਆਂ ਵਿੱਚ ਪਾਣੀ ਨਹੀ ਖੜਾ ਹੋਣ ਦੇਣਾઠਚਾਹੀਦਾ। ਜੇਕਰ ਕਿਸੇ ਵੀ ਵਿਅਕਤੀ ਨੂੰ ਜੇਕਰ ਡੇਂਗੂ ਬੁਖਾਰ ਦੇ ਲੱਛਣ ਮਹਿਸੂਸ ਹੁੰਦੇઠ ਹਨ ਤਾਂ ਉਸਨੂੰ ਤੁਰੰਤ ਨੇੜੇ ਦੇ ਸਰਕਾਰੀ ਸਿਹਤ ਸੰਸਥਾ ਵਿਖੇ ਜਾਣਾ ਚਾਹੀਦਾ ਹੈ, ਜਿੱਥੇ ਕਿ ਡੇਂਗੂ ਬੁਖਾਰ ਦੀ ਜਾਂਚ ਸਬੰਧੀ ਟੈਸਟ ਮੁਫਤ ਉਪਲਬਧ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵ) ਸ਼੍ਰੀ ਅਮਰਦੀਪ ਸਿੰਘ ਗੁਜਰਾਲ, ਡੀ.ਡੀ.ਪੀ.ਓ. ਬਲਜਿੰਦਰ ਸਿੰਘ ਗਰੇਵਾਲ, ਸਮੂਹ ਬਲਾਕਾਂ ਦੇ ਐਸ.ਐਮ.ਓਜ਼, ਐਪੀਡੀਮਾਲੋਜਿਸਟ ਡਾ. ਭੀਮ ਸੈਨ, ਡਾ. ਸੁਮੀਤ ਸ਼ਰਮਾ, ਬੀ.ਸੀ.ਸੀ. ਕੋਆਰਡੀਨੇਟਰ ਸੁਖਜੀਤ ਕੰਬੋਜ ਅਤੇ ਸੰਬੰਧਤ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।