ਲੋਕੇਸ਼ ਰਿਸ਼ੀ
ਗੁਰਦਾਸਪੁਰ, 03 ਜੁਲਾਈ 2020- ਜ਼ਿਲ੍ਹੇ ਤੋਂ ਇਨਸਾਨੀਅਤ ਦੇ ਡਿੱਗਦੇ ਮਿਆਰ ਨੂੰ ਦਰਸਾਉਂਦੀ ਇੱਕ ਖ਼ਬਰ ਸਾਹਮਣੇ ਆ ਰਹੀ ਹੈ। ਜਿੱਥੇ ਦੋ ਖ਼ੁਸਰਿਆਂ ਵੱਲੋਂ ਧੋਖੇ ਨਾਲ ਇੱਕ ਨੌਜਵਾਨ ਦਾ ਗੁਪਤ ਅੰਗ ਕਟਵਾ ਦਿੱਤਾ ਗਿਆ। ਪੀੜਿਤ ਨੌਜਵਾਨ ਅਤੇ ਉਸ ਦੇ ਪਰਿਵਾਰ ਦਾ ਦੋਸ਼ ਹੈ ਕਿ ਦੋਹਾਂ ਖ਼ੁਸਰਿਆਂ ਵੱਲੋਂ ਪਹਿਲਾਂ ਤਾਂ ਉਸ ਨੂੰ ਧੋਖੇ ਨਾਲ ਨਸ਼ੇ ਦੀ ਦਵਾਈ ਦਿੱਤੀ ਗਈ ਅਤੇ ਬੇਹੋਸ਼ ਹੋਣ ਤੇ ਉਸ ਨੂੰ ਅੰਮ੍ਰਿਤਸਰ ਲਿਜਾ ਕੇ ਉਸ ਦਾ ਗੁਪਤ ਅੰਗ ਕਟਵਾ ਦਿੱਤਾ ਗਿਆ। ਪੀੜਤ ਪਰਿਵਾਰ ਵੱਲੋਂ ਪੂਰੇ ਮਾਮਲੇ ਸਬੰਧੀ ਪੁਲਿਸ ਨੂੰ ਆਪਣੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਫ਼ਿਲਹਾਲ ਪੁਲਿਸ ਨੇ ਪੀੜਤ ਪੱਖ ਦੇ ਬਿਆਨ ਦਰਜ ਕਰਨ ਮਗਰੋਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਗੁਰਦਾਸਪੁਰ ਵਾਸੀ ਨੌਜਵਾਨ ਨਵਜੋਤ ਨੇ ਦੱਸਿਆ ਕਿ ਉਹ ਜਗਰਾਤਿਆਂ ਵਿਖੇ ਵੱਖ-ਵੱਖ ਆਈਟਮਾਂ ਪੇਸ਼ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ ਅਤੇ ਇਸੇ ਦੌਰਾਨ ਉਸ ਦੀ ਮੁਲਾਕਾਤ ਸੋਨੀਆ ਨਾਮ ਦੇ ਖ਼ੁਸਰੇ ਨਾਲ ਹੋਈ। ਸਮਾਂ ਬੀਤਣ ਦੌਰਾਨ ਨਵਜੋਤ ਦੀ ਸੋਨੀਆ ਨਾਲ ਗੁੜ੍ਹੀ ਦੋਸਤੀ ਹੋ ਗਈ ਅਤੇ ਦੋਵੇਂ ਇੱਕ ਦੂਜੇ ਦੇ ਘਰ ਆਉਣਾ ਜਾਣਾ ਸ਼ੁਰੂ ਹੋ ਗਏ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਇੱਕ ਦਿਨ ਸੋਨੀਆ ਨਵਜੋਤ ਨੂੰ ਆਪਣੇ ਗੁਰੂ ਪਰਵੀਨ ਖ਼ੁਸਰੇ ਕੋਲ ਲੈ ਗਈ।
ਪੀੜਿਤ ਨਵਜੋਤ ਨੇ ਦੱਸਿਆ ਕਿ ਕਿਉਂ ਕਿ ਉਹ ਪਹਿਲਾਂ ਵੀ ਜਗਰਾਤਿਆਂ ਆਦਿ ਵਿਖੇ ਪ੍ਰਫੌਰਮੈਂਸ ਦਿੰਦਾ ਸੀ। ਇਸ ਲਈ ਸੋਨੀਆ ਅਤੇ ਉਸ ਦਾ ਗੁਰੂ ਪਰਵੀਨ ਨਵਜੋਤ ਨੂੰ ਵੀ ਆਪਣੇ ਨਾਲ ਲੋਕਾਂ ਦੇ ਘਰਾਂ ਵਿਖੇ ਨੱਚਣ ਗਾਉਣ ਲਈ ਲੈ ਕੇ ਜਾਣ ਲੱਗੇ। ਉਨ੍ਹਾਂ ਦੱਸਿਆ ਕਿ ਹੌਲੀ ਹੌਲੀ ਤਿੰਨਾਂ ਜਾਣਿਆਂ ਦੀ ਨੇੜਤਾ ਇੰਨੀ ਵਧ ਗਈ ਕਿ ਨਵਜੋਤ ਕਈ ਮਹੀਨੇ ਤੱਕ ਪਰਵੀਨ ਖ਼ੁਸਰੇ ਦੇ ਘਰ ਰਿਹਾ ਅਤੇ ਜਦੋਂ ਨਵਜੋਤ ਨੇ ਆਪਣੇ ਘਰ ਵਾਪਸ ਜਾਣ ਦੀ ਇੱਛਾ ਜ਼ਾਹਿਰ ਕੀਤੀ। ਤਾਂ ਇਸੇ ਦੌਰਾਨ ਹੀ ਦੋਹਾਂ ਖ਼ੁਸਰਿਆਂ ਨੇ ਪੀੜਤ ਨਾਲ ਮਾਰ ਕੁੱਟ ਕਰਨੀ ਸ਼ੁਰੂ ਕਰ ਦਿੱਤੀ। ਪੀੜਿਤ ਨਵਜੋਤ ਨੇ ਦੋਸ਼ ਲਾਏ ਕਿ ਇਸੇ ਦੌਰਾਨ ਹੀ ਸੋਨੀਆ ਅਤੇ ਪਰਵੀਨ ਨੇ ਪਹਿਲਾਂ ਤਾਂ ਉਸ ਨੂੰ ਧੋਖੇ ਨਾਲ ਨਸ਼ੇ ਦੀ ਦਵਾਈ ਖੁਆ ਦਿੱਤੀ ਅਤੇ ਬਾਅਦ ਵਿੱਚ ਅੰਮ੍ਰਿਤਸਰ ਵਿਖੇ ਲਿਜਾ ਕੇ ਉਸ ਦਾ ਗੁਪਤ ਅੰਗ ਕਟਵਾ ਦਿੱਤਾ।