ਫਿਰੋਜ਼ਪੁਰ, 3 ਜੁਲਾਈ 2020 : ਫਿਰੋਜ਼ਪੁਰ ਜ਼ਿਲ੍ਹੇ ਵਿੱਚ ਕੋਵਿਡ ਲਾਕਡਾਊਨ ਦੌਰਾਨ ਗਰੀਬ ਪਰਿਵਾਰਾਂ ਨੂੰ ਰਾਹਤ ਦੇਣ ਲਈ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ 99.20 ਫ਼ੀਸਦੀ ਕਣਕ ਅਤੇ ਦਾਲ ਦੀ ਵੰਡ ਮੁਕੰਮਲ ਕਰ ਲਈ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰ: ਗੁਰਪਾਲ ਸਿੰਘ ਚਾਹਲ ਨੇ ਦੱਸਿਆ ਜ਼ਿਲੇ ਨੂੰ 86,64 ਮੀਟ੍ਰਿਕ ਟਨ ਕਣਕ ਅਤੇ 449 ਮੀਟ੍ਰਿਕ ਟਨ ਦਾਲ ਦਾ ਕੋਟਾ ਪ੍ਰਾਪਤ ਹੋਇਆ ਹੈ। ਇਸ ਵਿਚੋਂ 8140.8 ਮੀਟ੍ਰਿਕ ਟਨ ਕਦਕ ਅਤੇ 431.869 ਮੀਟ੍ਰਿਕ ਟਨ ਦਾਲ ਜ਼ਿਲ੍ਹੇ ਦੇ ਲਾਭਪਾਤਰੀਆਂ ਨੂੰ ਮੁਫ਼ਤ ਵੰਡੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੁਰਾਕ ਤੇ ਸਪਲਾਈ ਵਿਭਾਗ ਵੱਲੋਂ ਰਾਸ਼ਨ ਡਿੱਪੂਆਂ ਰਾਹੀਂ ਉਕਤ ਅਨਾਜ ਵੰਡ ਕੀਤੀ ਗਈ ਹੈ ਤੇ ਇਹ ਅਨਾਜ ਅਪਰੈਲ ਤੋਂ ਜੂਨ ਤੱਕ ਤਿੰਨ ਮਹੀਨਿਆਂ ਦਾ ਦਿੱਤਾ ਗਿਆ ਹੈ, ਜਿਸ ਤਹਿਤ ਉਨਾਂ ਪਾਸੋਂ ਕੋਈ ਪੈਸਾ ਨਹੀਂ ਲਿਆ ਗਿਆ। ਇਸੇ ਤਰ੍ਹਾਂ ਹੀ ਆਤਮ ਨਿਰਭੈ ਭਾਰਤ ਯੋਜਨਾ ਤਹਿਤ ਜ਼ਰੂਰਤਮੰਦ ਲਾਭਪਾਤਰੀਆਂ ਨੂੰ ਵੰਡਣ ਲਈ ਜ਼ਿਲ੍ਹੇ ਨੂੰ 29,531 ਰਾਸ਼ਨ ਦੇ ਪੈਕਟ ਵੰਡਣ ਦਾ ਕੋਟਾ ਪ੍ਰਾਪਤ ਹੋਇਆ, ਜਿਸ ਵਿੱਚੋਂ 22 ਹਜ਼ਾਰ ਪੈਕਟਾਂ ਦੀ ਵੰਡ ਕੀਤੀ ਜਾ ਚੁੱਕੀ ਹੈ ਤੇ ਹਰੇਕ ਪੈਕਟ ਵਿੱਚ 10 ਕਿੱਲੋਗ੍ਰਾਮ ਆਟਾ, 1 ਕਿੱਲੋਗ੍ਰਾਮ ਕਾਲੇ ਛੋਲੇ ਅਤੇ 1 ਕਿੱਲੋਗ੍ਰਾਮ ਖੰਡ ਮੌਜੂਦ ਸੀ। ਇਸ ਸਕੀਮ ਤਹਿਤ ਮਈ ਤੇ ਜੂਨ 2020 ਦੇ 2 ਮਹੀਨਿਆਂ ਦੇ ਰਾਸ਼ਨ ਪੈਕਟ ਜ਼ਰੂਰਤਮੰਦ ਲੋਕਾਂ ਨੂੰ ਮੁਫਤ ਦਿੱਤੇ ਗਏ ਹਨ।
ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ: ਪਿੰਦਰ ਸਿੰਘ ਨੇ ਦੱਸਿਆ ਕਿ ਖੁਰਾਕ ਤੇ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦੀਆਂ ਹਦਾਇਤਾਂ ਅਨੁਸਾਰ ਅਨਾਜ ਵੰਡ ਵਿੱਚ ਮੁਕੰਮਲ ਤੌਰ 'ਤੇ ਪਾਰਦਰਸ਼ਤਾ ਬਣਾਈ ਰੱਖਣ ਲਈ 'ਐਂਡ ਤੋਂ ਐਂਡ ਕੰਪਿਊਟ੍ਰਾਈਜ਼ੇਸ਼ਨ' ਦੀ ਪਾਲਣਾ ਕੀਤੀ ਗਈ ਹੈ। ਉਨਾਂ ਦੱਸਿਆ ਕਿ ਕੌਮੀ ਅੰਨ ਸੁਰੱਖਿਆ ਮਿਸ਼ਨ ਤਹਿਤ ਇਸ ਅਨਾਜ ਦਾ ਲਾਭ ਜ਼ਿਲੇ ਦੇ ਆਟਾ-ਦਾਲ ਤੇ ਅੰਨਤੋਦਿਆ ਕਾਰਡ ਲਾਭਪਾਤਰੀ ਪਰਿਵਾਰਾਂ ਨੂੰ ਦਿੱਤਾ ਗਿਆ ਹੈ।
ਇਸ ਅਨਾਜ ਵੰਡ ਤਹਿਤ ਗਰੀਬ ਪਰਿਵਾਰਾਂ ਨੂੰ 5 ਕਿੱਲੋਗ੍ਰਾਮ ਪ੍ਰਤੀ ਜੀਅ ਪ੍ਰਤੀ ਮਹੀਨਾ ਕਣਕ ਭਾਵ ਤਿੰਨ ਮਹੀਨੇ ਲਈ 15 ਕਿਲੋ ਕਣਕ ਪ੍ਰਤੀ ਜੀਅ ਅਤੇ ਇੱਕ ਕਿਲੋਗ੍ਰਾਮ ਪ੍ਰਤੀ ਪਰਿਵਾਰ ਪ੍ਰਤੀ ਮਹੀਨਾ ਦਾਲ ਭਾਵ ਪ੍ਰਤੀ ਪਰਿਵਾਰ 3 ਕਿਲੋਗ੍ਰਾਮ ਦਾਲ ਇਕੱਠੀ ਤਿੰਨ ਮਹੀਨੇ ਲਈ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਅਨਾਜ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕਰਨ ਦੀਆਂ ਹਦਾਇਤਾਂ ਤਹਿਤ ਲਾਭਪਾਤਰੀਆਂ ਤੱਕ ਗੁਣਵੱਤਾ ਭਰਪੂਰ ਅਨਾਜ ਹੀ ਦਿੱਤਾ ਹੈ।