ਹਰੀਸ਼ ਕਾਲੜਾ
ਰੂਪਨਗਰ, 03 ਜੁਲਾਈ 2020 : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਅਧੀਨ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ ਦੇ ਡਾ. ਗੁਰਪ੍ਰੀਤ ਸਿੰਘ ਮੱਕੜ, ਡਿਪਟੀ ਡਾਇਰੈਕਟਰ (ਟ੍ਰੇਨਿੰਗ) ਨੇ ਅਗਲੇ ਦੋ-ਤਿੰਨ ਦਿਨਾਂ ਦੇ ਮੌਸਮ ਦੀ ਜਾਣਕਾਰੀ ਸਾਂਝੀ ਕੀਤੀ। ਉਹਨਾਂ ਕਿਹਾ ਕਿ ਹਲਾਂਕਿ ਮਾਨਸੂਨ 24 ਜੂਨ ਨੂੰ ਹੀ ਪੰਜਾਬ ਦੇ ਉੱਤਰੀ ਹਿੱਸਿਆਂ ਵਿੱਚ ਪ੍ਰਵੇਸ਼ ਹੋ ਗਈ ਸੀ ਪਰ ਇਸ ਤੋਂ ਬਾਅਦ ਇਹਨਾਂ ਹਵਾਵਾਂ ਦੀਆਂ ਗਤੀਵਿਧਿਆਂ ਵਿੱਚ ਕਮੀ ਦੇਖੀ ਗਈ ਜਿਸ ਨਾਲ ਮੌਸਮ ਖੁਸ਼ਕ ਅਤੇ ਚਿਪਚਿਪਾ ਬਣਿਆ ਰਿਹਾ। ਡਾ. ਮੱਕੜ ਨੇ ਕਿਹਾ ਕਿ 04 ਜੁਲਾਈ ਨੂੰ ਹਲਕੀ ਤੋਂ ਦਰਮਿਆਨੀ ਵਰਖਾ ਨਾਲ ਫਿਰ ਤੋਂ ਇਹ ਮਾਨਸੂਨੀ ਹਵਾਵਾਂ ਜ਼ਿਲ੍ਹੇ ਰੋਪੜ ਵੱਲ ਰੁੱਖ ਕਰ ਸਕਦੀਆਂ ਹਨ ਜਿਸ ਨਾਲ ਚਿਪਚਿਪੀ ਗਰਮੀ ਤੋਂ ਰਾਹਤ ਮਿਲੇਗੀ। ਇਹਨਾਂ ਠੰਡੀਆਂ ਹਵਾਵਾਂ ਅਤੇ ਨੀਵੇਂ ਬੱਦਲਾਂ ਨਾਲ ਜ਼ਿਲੇ ਰੋਪੜ ਵਿੱਚ 5 ਅਤੇ 6 ਜੁਲਾਈ ਨੂੰ ਬਹੁਤੀਆਂ ਥਾਵਾਂ ਤੇ ਗਰਜ਼/ ਚਮਕ ਨਾਲ ਦਰਮਿਆਨੇ ਤੋਂ ਭਾਰੇ ਮੀਂਹ ਪੈਣ ਦਾ ਅਨੁਮਾਨ ਹੈ।ਇਸ ਤੋਂ ਬਾਅਦ ਵੀ ਜ਼ਿਲ੍ਹੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਡਾ. ਮੱਕੜ ਨੇ ਕਿਸਾਨਾਂ ਨੂੰ ਸੁਝਾਅ ਦਿੰਦਿਆਂ ਕਿਹਾ ਕਿ ਮੀਂਹ ਦੇ ਪਾਣੀ ਦੀ ਵਰਤੋਂ ਕਰਦੇ ਹੋਏ ਖੇਤ ਵਿੱਚ ਬਾਸਮਤੀ ਦੀ ਪਨੀਰੀ ਦੀ ਲੁਆਈ ਲਈ ਕੱਦੂ ਕਰ ਲੈਣ।ਇਹਨਾਂ ਬਰਸਾਤੀ ਦਿਨਾਂ ਦੌਰਾਨ ਫ਼ਸਲਾਂ ਤੇ ਕਿਸੇ ਵੀ ਰਸਾਇਣਕ ਦਵਾਈ ਦੀ ਸਪਰੇਅ ਅਤੇ ਸਿੰਚਾਈ ਤੋਂ ਗੁਰੇਜ਼ ਕੀਤਾ ਜਾਵੇ।ਉਹਨਾਂ ਕਿਹਾ ਕਿ ਇਹ ਸਮਾਂ ਜੰਗਲਾਤੀ ਪੌਦੇ ਜਿਵੇਂ ਕਿ ਸਫੈਦਾ, ਡੇਕ, ਟਾਹਲੀ, ਤੂਤ, ਤੁਣ ਆਦਿ ਲਗਾਉਣ ਵਾਸਤੇ ਵੀ ਢੁਕਵਾਂ ਹੈ।ਇਸ ਤੋਂ ਇਲਾਵਾ ਭਾਰੀ ਵਰਖਾ ਹੋਣ ਨਾਲ ਅਕਸਰ ਖੇਤਾਂ ਵਿੱਚ ਪਾਣੀ ਖੜ੍ਹ ਜਾਂਦਾ ਹੈ ਜੋ ਮੱਕੀ ਅਤੇ ਸਬਜ਼ੀ ਦੀਆਂ ਫ਼ਸਲਾਂ ਦੇ ਝਾੜ ਤੇ ਬਹੁਤ ਮਾੜਾ ਅਸਰ ਪਾਉਂਦਾ ਹੈ।ਇਸ ਕਰਕੇ ਇਹਨਾਂ ਫ਼ਸਲਾਂ ਵਿੱਚ ਪਾਣੀ ਦੇ ਨਿਕਾਸ ਦਾ ਅਗੇਤਾ ਪ੍ਰਬੰਧ ਜ਼ਰੂਰੀ ਹੈ।ਲਈ ਸ: ਜਸ਼ਨਦੀਪ ਸਿੰਘ, ਖੇਤੀ ਮੌਸਮ ਮਾਹਿਰ, ਨੇ ਦੱਸਿਆ ਕਿ ਕੇ. ਵੀ. ਕੇ., ਰੋਪੜ ਵਲੋਂ ਮੌਸਮ ਦੀ ਭਵਿੱਖਬਾਣੀ ਅਤੇ ਲੋੜੀਂਦੇ ਖੇਤੀ ਕਾਰਜ਼ਾਂ ਸੰਬੰਧੀ ਹਫ਼ਤੇ ਵਿੱਚ ਦੋ ਵਾਰ (ਮੰਗਲਵਾਰ ਅਤੇ ਸ਼ੁੱਕਰਵਾਰ) ਜਾਣਕਾਰੀ ਦਿੱਤੀ ਜਾਂਦੀ ਹੈ।ਉਹਨਾਂ ਕਿਸਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਇਹਨਾਂ ਖੇਤੀ ਮੌਸਮ ਸੇਵਾਵਾਂ ਦੀ ਲਗਾਤਾਰ ਜਾਣਕਾਰੀ ਲੈਣ ਲਈ ਕੇ. ਵੀ. ਕੇ ਰੋਪੜ ਨਾਲ ਸੰਪਰਕ ਕਰੋ। ਇਹਨਾਂ ਖੇਤੀ ਮੌਸਮ ਸੇਵਾਵਾਂ ਨਾਲ ਜੁੜਣ ਵਾਸਤੇ 01881-220460 ਜਾਂ 81464-00248 ਜਾਂ 98153-16055 ਤੇ ਸੰਪਰਕ ਕਰੋ।