ਅਸ਼ੋਕ ਵਰਮਾ
ਬਠਿੰਡਾ, 3 ਜੁਲਾਈ 2020 - ਮੁਲਕ ਦੀਆਂ ਕੋਲਾ ਖਾਣਾਂ ਦੇ ਮਜ਼ਦੂਰਾਂ ਦੀਆਂ ਸਮੂਹ ਟਰੇਡ ਯੂਨੀਅਨਾਂ ਦੁਆਰਾ ਦੇਸ਼ ਭਰ ਦੀਆਂ ਕੋਲਾ ਖਾਣਾਂ ਨੂੰ ਨਿੱਜੀ ਕੰਪਨੀਆਂ ਨੂੰ ਵੇਚਣ ਵਿਰੁੱਧ ਕੀਤੀ ਜਾ ਰਹੀ ਹੜਤਾਲ ਦੀ ਹਮਾਇਤ ਵਿੱਚ ਅੱਜ ਬਠਿੰਡਾ ਇਲਾਕੇ ਦੀਆਂ ਜਨਤਕ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਜਿਲਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਰੋਸ ਮੁਜਾਹਰਾ ਕੀਤਾ।
ਇਸ ਰੋਸ ਵਿਖਾਵੇ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਨੌਜਵਾਨ ਭਾਰਤ ਸਭਾ, ਪੰਜਾਬ ਖੇਤ ਮਜਦੂਰ ਯੂਨੀਅਨ, ਡੀਟੀਐੱਫ, ਟੀਐੱਸਯੂ ਭੰਗਲ, ਜਲ ਸਪਲਾਈ ਅਤੇ ਸੈਨੀਟੇਸਨ ਮੁਲਾਜਮ ਯੂਨੀਅਨ,ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਪਾਵਰਕੌਮ ਜੋਨ ਬਠਿੰਡਾ ਅਤੇ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜਮ ਯੂਨੀਅਨ ਆਦਿ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ।ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਆਗੂ ਅਸ਼ਵਨੀ ਘੁੱਦਾ ਅਤੇ ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਪਾਵਰਕਾਮ ਦੇ ਆਗੂ ਗੁਰਵਿੰਦਰ ਪੰਨੂ ਨੇ ਦੱਸਿਆ ਕਿ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਵੱਲੋਂ ਕਰੋਨਾ ਸੰਕਟ ਦੇ ਓਹਲੇ ਹੇਠ ਮੁਲਕ ਭਰ ਦੇ ਸਨਅਤੀ ਕਾਮਿਆਂ ਸਮੇਤ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਸਰਕਾਰੀ, ਅਰਧਸਰਕਾਰੀ, ਠੇਕਾ ਮੁਲਾਜ਼ਮਾਂ ’ਤੇ ਨਿੱਜੀਕਰਣ ਦਾ ਕੁਹਾੜਾ ਚਲਾ ਕੇ ਰੱਤ-ਨਿਚੋੜੂ ਸੇਵਾ ਸ਼ਰਤਾਂ ਵਾਲੇ ਕਿਰਤ-ਕਾਨੂੰਨ ਅਤੇ ਖੇਤੀ ਆਰਡੀਨੈਂਸ ਠੋਸੇ ਜਾ ਰਹੇ ਹਨ।
ਉਨ੍ਹਾਂ ਆਖਿਆ ਕਿ ਸਰਕਾਰਾਂ ਦੇਸੀ ਵਿਦੇਸ਼ੀ ਨਿੱਜੀ ਕਾਰਪੋਰੇਟ ਘਰਾਣਿਆਂ ਨੂੰ ਮੋਟੇ ਗੱਫੇ ਲਵਾਉਣ ’ਚ ਜੁਟੀਆਂ ਹੋਈਆਂ ਹਨ ਜਦੋਂਕਿ ਕਿਰਤੀ ਵਰਗ ਹਾਸ਼ੀਏ ਤੇ ਧੱਕਿਆ ਜਾ ਰਿਹਾ ਹੈ। ਇਸ ਤਰ੍ਹਾਂ ਅੱਖਾਂ ਮੀਚ ਕੇ ਸਾਮਰਾਜੀ ਕਾਰਪੋਰੇਟਾਂ ਨੂੰ ਸਾਰੇ ਕੌਮੀ ਪੈਦਾਵਾਰੀ ਸਾਧਨ ਸੌਂਪ ਕੇ ਸਮੂਹ ਕਿਰਤੀ ਕਿਸਾਨਾਂ ਦੀ ਅੰਨੀ ਲੁੱਟ ਰਾਹੀਂ ਉਹਨਾਂ ਦੀ ਖਰੀਦ ਸ਼ਕਤੀ ਖਤਮ ਕਰਨ ਭਾਵ ਪੈਦਾਵਾਰ ਦੀ ਖਪਤ ਠੱਪ ਕਰਨ ਦਾ ਦੇਸ਼ ਦੇ ਸਮੁੱਚੇ ਆਰਥਿਕ ਵਿਕਾਸ ਉੱਤੇ ਬੇਹੱਦ ਮਾਰੂ ਅਸਰ ਪਵੇਗਾ।
ਉਨ੍ਹਾਂ ਕਿਹਾ ਕਿ ਵਿਕਾਸ ਦੇ ਮਾਮਲੇ ’ਚ ਦੇਸ਼ ਦੀ ਆਰਥਿਕਤਾ ਪਹਿਲਾਂ ਹੀ ਬੇਹੱਦ ਨੀਵੇਂ ਪੱਧਰ ’ਤੇ ਪਹੁੰਚੀ ਹੋਈ ਹੈ ਪਰ ਮੌਜੂਦਾ ਸਮੇਂ ਲਏ ਜਾ ਰਹੇ ਕਦਮਾਂ ਰਾਹੀਂ ਮੁਕੰਮਲ ਆਰਥਿਕ ਤਬਾਹੀ ਦਾ ਮੁੱਢ ਬੰਨਿਆ ਜਾ ਰਿਹਾ ਹੈ । ਅੱਜ ਦੇ ਰੋਸ ਸਮਾਗਮਾਂ ਨੂੰ ਅਸ਼ਵਨੀ ਘੁੱਦਾ, ਗੁਰਵਿੰਦਰ ਪੰਨੂੰ, ਜਗਦੇਵ ਸਿੰਘ ਜੋਗੇਵਾਲਾ, ਤੀਰਥ ਸਿੰਘ ਕੋਠਾਗੁਰੂ, ਬਲਜਿੰਦਰ ਸਿੰਘ , ਰੇਸ਼ਮ ਕੁਮਾਰ, ਗੁਰਮੀਤ ਸਿੰਘ ਅਤੇ ਰਾਜ ਕੁਮਾਰ ਆਦਿ ਆਗੂਆਂ ਨੇ ਸੰਬੋਧਨ ਦੌਰਾਨ ਇਸ ਤਬਾਹਕੁੰਨ ਪ੍ਰੋਗਰਾਮ ਵਿਰੁੱਧ ਸਮੂਹ ਕਿਰਤੀਆਂ ਕਿਸਾਨਾਂ ਦੇ ਵਿਆਪਕ ਇਕਜੁੱਟ ਸੰਘਰਸ਼ ਨੂੰ ਸਮੇਂ ਦੀ ਅਣਸਰਦੀ ਲੋੜ ਕਰਾਰ ਦਿੰਦਿਆਂ ਸਮੂਹ ਇਨਸਾਫਪਸੰਦ ਜੱਥੇਬੰਦੀਆਂ ਨੂੰ ਸਾਂਝੇ ਸੰਘਰਸ਼ ਦਾ ਸੱਦਾ ਦਿੱਤਾ ਹੈ।