ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 2 ਜੁਲਾਈ 2020 - ਅੰਮ੍ਰਿਤਸਰ ਲਈ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ 'ਚ ਅੰਮ੍ਰਿਤਸਰ ਨੂੰ ਸ਼ਾਮਿਲ ਕਰਵਾਉਣ ਦਾ ਦਾਅਵਾ ਕਰਨ ਵਾਲੇ ਕਾਂਗਰਸ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਅੰਮ੍ਰਿਤਸਰ ਜ਼ਿਲ੍ਹੇ 'ਚ ਰਿੰਗ ਰੋਡ ਬਣਾਉਣ ਤੋਂ ਇਲਾਵਾ ਹੋਰ ਸੜਕੀ ਜਾਲ ਵਿਛਾਏ ਜਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇੱਥੇ ਆਪਣੇ ਨਿੱਜੀ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਔਜਲਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਅੰਮ੍ਰਿਤਸਰ ਦੇ ਵਿਕਾਸ ਪ੍ਰਾਜੈਕਟਾਂ ਦਾ ਮੁੱਦਾ ਲੋਕ ਸਭਾ 'ਚ ਚੁੱਕਿਆ ਗਿਆ ਸੀ, ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇ ਸੜਕੀ ਆਵਾਜਾਈ ਮੰਤਰੀ ਸ੍ਰੀ ਨਿਤਿਨ ਗਡਕਰੀ ਬਹੁਤ ਦੂਰ ਅੰਦੇਸ਼ੀ ਵਾਲੇ ਨੇਤਾ ਹਨ, ਜਿਨ੍ਹਾਂ ਨੇ ਉਨ੍ਹਾਂ ਦੀ ਮੰਗ 'ਤੇ ਗੌਰ ਕਰਦਿਆਂ ਇਹ ਪ੍ਰਾਜੈਕਟ ਮਨਜ਼ੂਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ-ਅਜਨਾਲਾ ਫੋਰ ਲੇਨ ਨੂੰ ਸ਼ੁਰੂ ਹੋਣ 'ਤੇ ਸਮਾਂ ਲੱਗ ਸਕਦਾ ਹੈ, ਜਿਸ ਲਈ ਇਸ ਸੜਕ ਦੀ ਮਾੜੀ ਹਾਲਤ ਨੂੰ ਦੇਖਦਿਆਂ ਇਸ ਦੇ ਮੁਰੰਮਤ ਲਈ ਬਜਟ ਪਾਸ ਹੋ ਗਿਆ ਹੈ। ਉਨ੍ਹਾਂ ਕਿਹਾ ਅੰਮ੍ਰਿਤਸਰ ਰਿੰਗ ਰੋਡ ਬਣਨ ਨਾਲ ਸ਼ਹਿਰ ਵਾਸੀਆਂ ਨੂੰ ਫਾਇਦਾ ਮਿਲੇਗਾ।