ਮਨਿੰਦਰਜੀਤ ਸਿੱਧੂ
ਜੈਤੋ, 3 ਜੁਲਾਈ 2020 - ਮੁਲਕ ਦੀਆਂ ਕੋਲਾ ਖਾਣਾਂ ਦੇ ਮਜ਼ਦੂਰਾਂ ਦੀਆਂ ਸਮੂਹ ਟਰੇਡ ਯੂਨੀਅਨਾਂ ਦੁਆਰਾ ਦੇਸ਼ ਭਰ ਦੀਆਂ ਕੋਲਾ ਖਾਣਾਂ ਨੂੰ ਨਿੱਜੀ ਕੰਪਨੀਆਂ ਨੂੰ ਵੇਚਣ ਵਿਰੁੱਧ ਕੀਤੀ ਜਾ ਰਹੀ ਹੜਤਾਲ ਦੀ ਹਮਾਇਤ ਵਿੱਚ ਅੱਜ ਜੈਤੋ ਇਲਾਕੇ ਦੀਆਂ ਜਨਤਕ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਜੈਤੋ ਸ਼ਹਿਰ ਵਿਖੇ ਇਕੱਠੇ ਹੋ ਕੇ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ ।ਇਸ ਰੈਲੀ ਅਤੇ ਮੁਜ਼ਾਹਰੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਪੀ.ਐਸ.ਯੂ. ਸ਼ਹੀਦ ਰੰਧਾਵਾ ,ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਪਾਵਰਕੌਮ ਜ਼ੋਨ ਬਠਿੰਡਾ ਆਦਿ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ।
ਇਸ ਮੌਕੇ ਸੰਬੋਧਨ ਕਰਦਿਆਂ ਪੀ ਐਸ ਯੂ ਸ਼ਹੀਦ ਰੰਧਾਵਾ ਦੇ ਆਗੂ ਰਵਿੰਦਰ ਸੇਵੇਵਾਲਾ, ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਪਾਵਰਕਾਮ ਦੇ ਆਗੂ ਇਕਬਾਲ ਸਿੰਘ ਪੂਹਲਾ, ਬੀ ਕੇ ਯੂ ਉਗਰਾਹਾਂ ਦੇ ਆਗੂ ਬਸੰਤ ਸਿੰਘ ਰੋੜੀਕਪੂਰਾ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਅੰਗਰੇਜ ਮੱਤਾ ਦੱਸਿਆ ਕਿ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਕਰੋਨਾ ਸੰਕਟ ਦੇ ਓਹਲੇ ਹੇਠ ਮੁਲਕ ਭਰ ਦੇ ਸਨਅਤੀ ਕਾਮਿਆਂ ਸਮੇਤ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਸਰਕਾਰੀ, ਅਰਧਸਰਕਾਰੀ, ਠੇਕਾ ਮੁਲਾਜ਼ਮਾਂ ’ਤੇ ਨਿੱਜੀਕਰਣ ਦਾ ਕੁਹਾੜਾ ਚਲਾ ਕੇ ਰੱਤ-ਨਿਚੋੜੂ ਸੇਵਾ ਸ਼ਰਤਾਂ ਵਾਲੇ ਕਿਰਤ-ਕਾਨੂੰਨ ਅਤੇ ਖੇਤੀ ਆਰਡੀਨੈਂਸ ਠੋਸੇ ਜਾ ਰਹੇ ਹਨ।
ਉਨ੍ਹਾਂ ਆਖਿਆ ਕਿ ਸਰਕਾਰਾਂ ਦੇਸੀ ਵਿਦੇਸ਼ੀ ਨਿੱਜੀ ਕਾਰਪੋਰੇਟ ਘਰਾਣਿਆਂ ਨੂੰ ਮੋਟੇ ਗੱਫੇ ਲਵਾਉਣ ’ਚ ਜੁਟੀਆਂ ਹੋਈਆਂ ਹਨ ਜਦੋਂਕਿ ਕਿਰਤੀ ਵਰਗ ਹਾਸ਼ੀਏ ਤੇ ਧੱਕਿਆ ਜਾ ਰਿਹਾ ਹੈ। ਇਸ ਤਰ੍ਹਾਂ ਅੱਖਾਂ ਮੀਚ ਕੇ ਸਾਮਰਾਜੀ ਕਾਰਪੋਰੇਟਾਂ ਨੂੰ ਸਾਰੇ ਕੌਮੀ ਪੈਦਾਵਾਰੀ ਸਾਧਨ ਸੌਂਪ ਕੇ ਸਮੂਹ ਕਿਰਤੀ ਕਿਸਾਨਾਂ ਦੀ ਅੰਨੀ ਲੁੱਟ ਰਾਹੀਂ ਉਹਨਾਂ ਦੀ ਖਰੀਦ ਸ਼ਕਤੀ ਖਤਮ ਕਰਨ ਭਾਵ ਪੈਦਾਵਾਰ ਦੀ ਖਪਤ ਠੱਪ ਕਰਨ ਦਾ ਦੇਸ਼ ਦੇ ਸਮੁੱਚੇ ਆਰਥਿਕ ਵਿਕਾਸ ਉੱਤੇ ਬੇਹੱਦ ਮਾਰੂ ਅਸਰ ਪਵੇਗਾ। ਵਿਕਾਸ ਦੇ ਮਾਮਲੇ ’ਚ ਦੇਸ਼ ਦੀ ਆਰਥਿਕਤਾ ਪਹਿਲਾਂ ਹੀ ਬੇਹੱਦ ਨੀਵੇਂ ਪੱਧਰ ’ਤੇ ਪਹੁੰਚੀ ਹੋਈ ਹੈ। ਇਸ ਤਰਾਂ ਸਰਕਾਰ ਵੱਲੋਂ ਮੌਜੂਦਾ ਸਮੇਂ ਲਏ ਜਾ ਰਹੇ ਕਦਮਾਂ ਰਾਹੀਂ ਮੁਕੰਮਲ ਆਰਥਿਕ ਤਬਾਹੀ ਦਾ ਪੈੜਾ ਬੰਨ੍ਹਿਆ ਜਾ ਰਿਹਾ ਹੈ।ਇਸ ਤਬਾਹਕੁੰਨ ਪ੍ਰੋਗਰਾਮ ਵਿਰੁੱਧ ਸਮੂਹ ਕਿਰਤੀਆਂ ਕਿਸਾਨਾਂ ਦਾ ਵਿਆਪਕ ਇਕਜੁੱਟ ਸੰਘਰਸ਼ ਸਮੇਂ ਦੀ ਅਣਸਰਦੀ ਲੋੜ ਹੈ।