ਅਸ਼ੋਕ ਵਰਮਾ
ਬਠਿੰਡਾ, 3 ਜੁਲਾਈ 2020 - ਕੋਵਿਡ-19 ਦੇ ਚੱਲਦਿਆਂ ਲਾਕਡਾਊਨ ਦੌਰਾਨ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ (ਬੀ.ਐਫ.ਜੀ.ਆਈ.) ਨੇ ਮਾਈਕਰੋਸਾਫ਼ਟ ਟੀਮਜ਼ ਰਾਹੀਂ ਦਸਵਾਂ ਵੈਬੀਨਾਰ ਕਰਵਾਇਆ ਜੋ ਕਿ ‘ਇੰਜੀਨੀਅਰਿੰਗ ਦੇ ਗਰੈਜੂਏਟ ਵਿਦਿਆਰਥੀ ਲਈ ਕੈਰੀਅਰ ਦੇੇ ਮੌਕਿਆਂ’ ਬਾਰੇ ਸੀ। ਇਸ ਵੈਬੀਨਾਰ ਵਿੱਚ ਬਤੌਰ ਪੈਨਲਿਸਟ ਸਨਅਤਕਾਰ ਪਦਮ ਸ੍ਰੀ ਰਜਿੰਦਰ ਗੁਪਤਾ, ਸੰਸਥਾਪਕ ਤੇ ਚੇਅਰਮੈਨ, ਟਰਾਈਡੈਂਟ ਗਰੁੱਪ, ਬੀਐਫਜੀਆਈ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ, ਅਤੇ ਸ੍ਰੀ ਬੀ.ਡੀ. ਸ਼ਰਮਾ, ਡਿਪਟੀ ਡਾਇਰੈਕਟਰ (ਕੈਰੀਅਰ ਗਾਈਡੈਂਸ ਐਂਡ ਕਾਊਂਸਲਿੰਗ) ਨੇ ਸ਼ਮੂਲੀਅਤ ਕੀਤੀ ਅਤੇ ਪ੍ਰਸ਼ਨਾਂ ਦੇ ਜਵਾਬ ਦਿੱਤੇ। ਇਸ ਮੌਕੇ ਡਾ. ਧਾਲੀਵਾਲ ਨੇ ਵੈਬੀਨਾਰ ਵਿੱਚ ਸ਼ਾਮਲ ਸਾਰੀਆਂ ਸ਼ਖ਼ਸੀਅਤਾਂ ਦਾ ਨਿੱਘਾ ਸਵਾਗਤ ਕੀਤਾ ।
ਇਸ ਮੌਕੇ ਪਦਮ ਸ੍ਰੀ ਰਜਿੰਦਰ ਗੁਪਤਾ, ਨੇ ਦੱਸਿਆ ਕਿ ਇੱਕ ਇੰਜੀਨੀਅਰ ਜਿੰਨੀਆਂ ਵੱਧ ਤੋਂ ਵੱਧ ਸਮੱਸਿਆਵਾਂ ਦੇ ਹੱਲ ਕਰਦਾ ਹੈ ਉਹ ਉਨਾ ਹੀ ਜ਼ਿਆਦਾ ਸਿੱਖਦਾ ਹੈ। ਉਨਾਂ ਕਿਹਾ ਕਿ ਇੱਕ ਇੰਜੀਨੀਅਰ ਕੋਲ ਇਹ ਯੋਗਤਾ ਹੁੰਦੀ ਹੈ ਕਿ ਕਿ ਉਹ ਸਾਰੀਆਂ ਸਮੱਸਿਆਵਾਂ ਦੇ ਹੱਲ ਲੱਭ ਸਕਦਾ ਹੈ। ਜੇਕਰ ਇੱਕ ਇੰਜੀਨੀਅਰ ਪੜਾਈ ਦੇ ਨਾਲ-ਨਾਲ ਆਪਣੇ ਹੱਥੀ ਕੰਮ ਕਰਨ ਦੀ ਯੋਗਤਾ ਪਾ ਲਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਉਨਾਂ ਕਿਹਾ ਕਿ ਵਿਹਾਰਕ ਅਭਿਆਸ ਤੋਂ ਬਿਨਾਂ ਪੜਾਈ ਦਾ ਕੋਈ ਬਹੁਤਾ ਲਾਭ ਨਹੀਂ ਹੈ ਅਤੇ ਹਰ ਇੰਜੀਨੀਅਰ ਕੋਲ ਹੱਥੀ ਕੰਮ ਕਰਨ ਦਾ ਹੁਨਰ ਲਾਜ਼ਮੀ ਹੋਣਾ ਚਾਹੀਦਾ ਹੈ। ਉਨਾਂ ਨੇ ਦੱਸਿਆ ਕਿ ਅੱਜ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਕੋਲ ਇੰਡਸਟਰੀ ਦੀਆਂ ਲੋੜਾਂ ਅਨੁਸਾਰ ਲੋੜੀਂਦੀਆਂ ਸਕਿੱਲਜ਼ ਨਹੀਂ ਹਨ ਅਤੇ ਹੱਥੀ ਕੰਮ ਕਰਨ ਦੇ ਹੁਨਰ ਦੀ ਵੀ ਬਹੁਤ ਘਾਟ ਹੈ। ਇਸ ਲਈ ਦੁਨੀਆ ਦੀ ਸਮੁੱਚੀ ਇੰਡਸਟਰੀ ਨੂੰ ਹੁਨਰਮੰਦ ਕਾਮੇ ਨਹੀਂ ਮਿਲ ਰਹੇ। ਉਨਾਂ ਕਿਹਾ ਕਿ ਸਿੱਖਿਆ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਇੰਡਸਟਰੀ ਨਾਲ ਮਿਲ ਕੇ ਅਜਿਹਾ ਮਾਹੌਲ ਤਿਆਰ ਕਰਨ ਜਿਸ ਨਾਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ-ਨਾਲ ਤਜਰਬਾ ਮਿਲੇ । ਉਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀ ਕਿਰਤ ਕਮਾਈ ਦੀ ਕਦਰ ਕਰਨੀ ਚਾਹੀਦੀ ਹੈ।
ਬੀ.ਐਫ.ਜੀ.ਆਈ. ਦੇ ਡਿਪਟੀ ਡਾਇਰੈਕਟਰ (ਕੈਰੀਅਰ ਗਾਈਡੈਂਸ ਐਂਡ ਕਾਊਂਸਲਿੰਗ) ਬੀ.ਡੀ. ਸ਼ਰਮਾ ਨੇ ਅਕਾਦਮਿਕ ਕੋਰਸਾਂ, ਪੋਸਟ ਗਰੈਜੂਏਟ ਡਿਪਲੋਮਾ/ਸਰਟੀਫਿਕੇਟ ਕੋਰਸਾਂ, ਹੁਨਰ ਆਧਾਰਿਤ ਕੋਰਸਾਂ, ਯੂ.ਪੀ.ਐਸ.ਸੀ./ਪੀ.ਪੀ.ਐਸ.ਸੀ. ਦੀਆਂ ਵਿਭਿੰਨ ਪ੍ਰਤੀਯੋਗੀ ਪ੍ਰੀਖਿਆਵਾਂ, ਇੰਡੀਅਨ ਇੰਜੀਨੀਅਰਿੰਗ ਸੇਵਾਵਾਂ ਅਤੇ ਡਿਫੈਂਸ ਸੇਵਾਵਾਂ ਤੋਂ ਇਲਾਵਾ ਵੱਖ-ਵੱਖ ਪਬਲਿਕ ਅਤੇ ਪ੍ਰਾਈਵੇਟ ਖੇਤਰਾਂ ਵਿੱਚ ਨੌਕਰੀ ਦੇ ਮੌਕਿਆਂ ਅਤੇ ਉੱਦਮੀ ਬਣਨ ਬਾਰੇ ਚਾਨਣਾ ਪਾਇਆ। ਇਸ ਵੈਬੀਨਾਰ ਦੀ ਸੰਚਾਲਕ ਮੈਡਮ ਸਿਮਰਨਜੀਤ ਕੌਰ ਸੇਖੋਂ ਨੇ ਦੱਸਿਆ ਕਿ ‘ਸਾਇੰਸ ਦੇ ਗਰੈਜੂਏਟ ਵਿਦਿਆਰਥੀਆਂ ਲਈ ਕੈਰੀਅਰ ਦੇ ਮੌਕਿਆਂ’ ਬਾਰੇ ਇੱਕ ਵਿਸ਼ੇਸ਼ ਵੈਬੀਨਾਰ ਅਗਲੇ ਵੀਰਵਾਰ ਮਿਤੀ 9 ਜੁਲਾਈ, ਨੂੰ ਸ਼ਾਮ 5:30 ਵਜੇ ਹੋਵੇਗਾ ਜਿਸ ਵਿੱਚ ਦੇਸ਼ ਦੇ ਪ੍ਰਸਿੱਧ ਵਿਗਿਆਨੀ ਪਦਮ ਸ੍ਰੀ ਡਾ. ਸ਼ਰਦ ਪੀ. ਕਾਲੇ, ਭਾਬਾ ਅਟੋਮਿਕ ਰਿਸਰਚ ਸੈਂਟਰ ਮਾਹਿਰ ਵਜੋਂ ਵਿਦਿਆਰਥੀਆਂ ਦੇ ਸੁਆਲਾਂ ਦੇ ਜਵਾਬ ਦੇਣਗੇ। ਇਸ ਵੈਬੀਨਾਰ ਵਿੱਚ ਵਿਦਿਆਰਥੀ ਬੀ.ਐਫ.ਜੀ.ਆਈ. ਦੇ ਫੇਸਬੁੱਕ ਪੇਜ ਜਾਂ ਵੈੱਬਸਾਈਟ ਦੁਆਰਾ ਜੁੜ ਸਕਦੇ ਹਨ।
ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਦਾ ਕਹਿਣਾ ਸੀ ਕਿ ਅਜੋਕੇ ਸੰਕਟਮਈ ਸਮੇਂ ਵਿੱਚ ਕੈਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਲਈ ਬੀ.ਐਫ.ਜੀ.ਆਈ. ਵੱਲੋਂ ਵੈਬੀਨਾਰ ਲੜੀ ਸ਼ੁਰੂ ਕੀਤੀ ਹੋਈ ਹੈ। ਉਨਾਂ ਦੱਸਿਆ ਕਿ ਹੁਣ ਤੱਕ 7000 ਤੋਂ ਵੱਧ ਵਿਦਿਆਰਥੀ ਆਪਣੇ ਲਈ ਮਾਹਿਰ ਕੈਰੀਅਰ ਕਾਊਂਸਲਰ ਦੀ ਸਹੂਲਤ ਲੈ ਚੁੱਕੇ ਹਨ । ਵਿਦਿਆਰਥੀਆਂ ਵੱਲੋਂ ਪੁੱਛੇ ਗਏ ਸੁਆਲ ਦੇ ਜਵਾਬ ਵਿੱਚ ਉਨਾਂ ਨੇ ਕਿਹਾ ਕਿ ਸਫਲਤਾ ਦੀਆਂ ਪੌੜੀਆਂ ਚੜਨ ਲਈ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ-ਨਾਲ ਸਾਫ਼ਟ ਸਕਿੱਲਜ਼ ਜਿਵੇਂ ਸੰਚਾਰ ਹੁਨਰ, ਸਕਾਰਾਤਮਿਕ ਅਤੇ ਸਿੱਖਣ ਦਾ ਰਵੱਈਆ, ਸਮਾਂ ਪ੍ਰਬੰਧਨ, ਸਮੱਸਿਆ ਨੂੰ ਹੱਲ ਕਰਨ ਦੀ ਯੋਗਤਾ, ਟੀਮ ਵਰਕ ਸਕਿੱਲ, ਹਰ ਮਾਹੌਲ ਵਿੱਚ ਅਨੁਕੂਲਤਾ ਅਤੇ ਲਚਕਤਾ ਦਾ ਹੁਨਰ, ਅਗਵਾਈ ਕਰਨ ਦੇ ਗੁਣ, ਵਿਸ਼ਲੇਸ਼ਕ ਹੁਨਰ, ਆਲੋਚਕ ਸੋਚ ਅਤੇ ਤਕਨੀਕੀ ਮੁਹਾਰਤ ਦੀ ਬਹੁਤ ਲੋੜ ਹੈ।