ਅਸ਼ੋਕ ਵਰਮਾ
- ਰੋਮਾਣਾ ਤੇ ਧਾਲੀਵਾਲ ਦੀ ਅਗਵਾਈ 'ਚ ਵਫ਼ਦ ਬੀਬੀ ਬਾਦਲ ਨੂੰ ਮਿਲਿਆ
ਬਠਿੰਡਾ, 3 ਜੁਲਾਈ 2020 - ਕੋਰੋਨਾ ਕਾਰਨ ਸਾਈਪ੍ਰਿਸ 'ਚ ਫਸੇ ਵਿਦਿਆਰਥੀਆਂ ਤੇ ਕਾਮਿਆਂ ਦਾ ਮੁੱਦਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਦਰਬਾਰ 'ਚ ਪੁੱਜ ਗਿਆ ਹੈ। ਬੀਬਾ ਬਾਦਲ ਵੱਲੋਂ ਇਸ ਮੁੱਦੇ 'ਤੇ ਗੰਭੀਰਤਾ ਦਿਖਾਉਂਦਿਆਂ ਤੁਰੰਤ ਇਸ ਬਾਰੇ ਵਿਦੇਸ਼ ਮੰਤਰਾਲੇ ਨਾਲ ਗੱਲ ਕਰਕੇ ਸਾਈਪ੍ਰਿਸ 'ਚ ਫਸੇ ਵਿਦਿਆਰਥੀਆਂ ਤੇ ਕਾਮਿਆਂ ਨੂੰ ਵਾਪਸ ਲਿਆਉਂਣ ਦਾ ਭਰੋਸਾ ਦਿਵਾਇਆ ਗਿਆ ਹੈ। ਸਾਈਪ੍ਰਸ 'ਚ ਫਸੇ ਵਿਦਿਆਰਥੀਆਂ ਤੇ ਕਾਮਿਆਂ ਦੀ ਬੀਬੀ ਬਾਦਲ ਕੋਲ ਪੁੱਜੀ ਸੂਚੀ 'ਚ 120 ਨਾਂਅ ਸ਼ਾਮਿਲ ਹਨ, ਜਿੰਨਾਂ ਦੇ ਪਰਿਵਾਰਾਂ ਦੇ ਇਕ ਵਫਦ ਨੇ ਅੱਜ ਪਰਮਬੰਸ ਸਿੰਘ ਬੰਟੀ ਰੋਮਾਣਾ ਤੇ ਧਾਲੀਵਾਲ ਦੀ ਅਗਵਾਈ 'ਚ ਬੀਬਾ ਬਾਦਲ ਨੂੰ ਮਿਲ ਕੇ ਆਪਣੇ ਦੁੱਖੜੇ ਸੁਣਾਏ।
ਇਸ ਮੌਕੇ ਬੀਬਾ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਤੇ ਵਿਦੇਸ਼ਾਂ 'ਚ ਵਸੇ ਪੰਜਾਬੀ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ ਤੇ ਹਮੇਸ਼ਾਂ ਹੀ ਅਕਾਲੀ ਦਲ ਨੇ ਹੀ ਦੂਸਰੇ ਰਾਜਾਂ 'ਚ ਵਸੇ ਤੇ ਵਿਦੇਸ਼ਾਂ 'ਚ ਵਸੇ ਪੰਜਾਬੀਆਂ ਦੇ ਮੁੱਦਿਆਂ ਨੂੰ ਲੈ ਕੇ ਕੇਂਦਰ ਸਰਕਾਰ ਕੋਲ ਉਠਾਇਆ ਤੇ ਇਨ੍ਹਾਂ ਮੁੱਦਿਆਂ 'ਤੇ ਪਹਿਰੇਦਾਰੀ ਵੀ ਕੀਤੀ ਹੈ।ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਸਮੇਂ ਦੁਨੀਆਂ ਦੇ ਵੱਖ-ਵੱਖ ਦੇਸ਼ਾਂ 'ਚ ਪੰਜਾਬ ਤੋਂ ਲੱਖਾਂ ਵਿਦਿਆਰਥੀਆਂ ਪੜਾਈ ਲਈ ਗਏ ਹੋਏ ਹਨ, ਜਿੰਨਾਂ ਨੂੰ ਕੋਰੋਨਾ ਕਾਰਨ ਕਈ ਸਮੱਸਿਆਵਾਂ ਆ ਰਹੀਆਂ ਹਨ। ਉਨ੍ਹਾਂ ਪੰਜਾਬੀ ਭਾਈਚਾਰੇ ਨੂੰ ਵੀ ਅਪੀਲ ਕੀਤੀ ਕਿ ਉਹ ਵਿਦੇਸ਼ਾਂ 'ਚ ਪੰਜਾਬੀ ਵਿਦਿਆਰਥੀਆਂ ਦੀ ਮੱਦਦ ਲਈ ਅੱਗੇ ਆਉਂਣ।
ਅਕਾਲੀ ਦਲ ਦੇ ਯੂਥ ਵਿੰਗ ਨੇ ਦੱਸਿਆ ਕਿ ਮੀਡੀਆ ਰਾਹੀਂ ਸਾਈਪ੍ਰਿਸ 'ਚ ਫਸੇ ਤੇ ਦੁੱਖਾਂ 'ਚ ਘਿਰੇ ਨੌਜਵਾਨਾਂ ਦਾ ਮਾਮਲਾ ਉਨ੍ਹਾਂ ਦੇ ਧਿਆਨ 'ਚ ਆਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਖੁਦ ਵਟਸਅਪ ਰਾਹੀਂ ਸਾਈਪ੍ਰਿਸ 'ਚ ਫਸੇ ਨੌਜਵਾਨਾਂ ਨਾਲ ਸੰਪਰਕ ਬਣਾਇਆ ਤੇ ਇਸ ਤੋਂ ਬਾਅਦ ਮਾਪਿਆਂ ਨਾਲ ਸੰਪਰਕ ਬਣਾ ਕੇ ਅੱਜ ਵਫਦ ਲੈ ਕੇ ਬੀਬਾ ਬਾਦਲ ਤੱਕ ਪਹੁੰਚ ਕੀਤੀ ਹੈ।
ਉਨਾਂ ਦੱਸਿਆ ਕਿ ਬੀਬਾ ਬਾਦਲ ਵੱਲੋਂ ਇਸ ਸੂਚੀ 'ਚੋਂ ਸਭ ਤੋਂ ਪਹਿਲਾਂ ਜਿਹੜੇ ਵਿਦਿਆਰਥੀਆਂ ਜਾਂ ਕਾਮੇ ਬੇਘਰ ਹੋ ਕੇ ਬੀਚ ਜਾਂ ਚਰਚ 'ਚ ਦਿਨ ਕਟੀ ਕਰ ਰਹੇ ਹਨ, ਉਨ੍ਹਾਂ ਨੂੰ ਸੂਚੀ 'ਚ ਉਪਰ ਸ਼ਾਮਿਲ ਕਰਨ ਬਾਰੇ ਆਖਿਆ ਤੇ ਇਸ ਤੋਂ ਬਾਅਦ ਬਾਕੀ ਸਾਰਿਆਂ ਨੂੰ ਵੀ ਜਲਦ ਹੀ ਵਾਪਸ ਲਿਆਉਂਣ ਦਾ ਭਰੋਸਾ ਦਿੱਤਾ। ਬੀਬਾ ਬਾਦਲ ਵੱਲੋਂ ਨੌਜਵਾਨਾਂ ਦੇ ਮਾਪਿਆਂ ਨੂੰ ਵੀ ਹਰ ਮੱਦਦ ਦਾ ਭਰੋਸਾ ਦਿੱਤਾ। ਇਸ ਮੌਕੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਵੀ ਬੀਬਾ ਬਾਦਲ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸ. ਰੁਮਾਣਾ ਨੇ ਕਿਹਾ ਕਿ ਪੰਜਾਬ ਤੋਂ ਵੱਖ-ਵੱਖ ਦੇਸ਼ਾਂ 'ਚ ਪੜਾਈ ਲਈ ਗਏ ਨੌਜਵਾਨਾਂ ਦੀ ਕਿਸੇ ਵੀ ਸਮੱਸਿਆ ਨੂੰ ਲੈ ਕੇ ਯੂਥ ਵਿੰਗ ਕੰਮ ਕਰੇਗਾ ਤੇ ਵਿਦੇਸ਼ਾਂ 'ਚ ਯੂਥ ਵਿੰਗ ਦੇ ਯੂਨਿਟ ਕਾਇਮ ਕਰਕੇ ਵਿਦਿਆਰਥੀਆਂ ਦੇ ਹਿੱਤਾਂ ਲਈ ਆਉਂਦੇ ਸਮੇਂ 'ਚ ਅਹਿਮ ਕਦਮ ਚੁੱਕੇ ਜਾਣਗੇ।