ਹਰੀਸ਼ ਕਾਲੜਾ
ਰੂਪਨਗਰ, 3 ਜੁਲਾਈ 2020 - ਰੋਟਰੀ ਕਲੱਬ ਵੱਲੋਂ ਗਰੀਨ ਰੂਪਨਗਰ ਮਿਸ਼ਨ ਤਹਿਤ ਅੱਜ ਬੋਟ ਕਲੱਬ ਰੂਪਨਗਰ ਵਿਖੇ ਬਣਾਏ ਗਏ ਨਵੇਂ ਪਾਰਕ ਵਿੱਚ 60 ਦੇ ਕਰੀਬ ਅਲੱਗ-ਅਲੱਗ ਕਿਸਮਾਂ ਦੇ ਪੌਦੇ ਲਗਾਏ ਗਏ। ਇਸ ਮੁਹਿੰਮ ਦੀ ਸ਼ੁਰੂਆਤ ਸ਼੍ਰੀ ਜੀ.ਐਸ. ਜੌਹਲ ਐਸ.ਡੀ.ਐਮ. ਰੂਪਨਗਰ ਨੇ ਪੌਦਾ ਲਗਾ ਕੇ ਕੀਤੀ। ਉਨ੍ਹਾਂ ਇਸ ਮੌਕੇ ਕਿਹਾ ਕਿ ਪੌਦਿਆਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ ਅਤੇ ਇੱਕ ਸੁੰਦਰ, ਹਰੇ-ਭਰੇ ਅਤੇ ਸਾਫ-ਸੁਥਰੇ ਸਮਾਜ ਦੀ ਸਿਰਜਣਾ ਪੌਦਿਆਂ ਤੋਂ ਬਿਨਾਂ ਸੋਚੀ ਨਹੀਂ ਜਾ ਸਕਦੀ। ਉਨ੍ਹਾਂ ਇਹ ਵੀ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਆਲੇ-ਦੁਆਲੇ ਹਰ ਢੁੱਕਵੀਂ ਥਾਂ ਤੇ ਪੌਦੇ ਲਗਾਉਣੇ ਚਾਹੀਦੇ ਹਨ ਕਿਉਂਕਿ ਜਦੋਂ ਇੱਕ ਪੌਦਾ ਸੰਘਣਾ ਦਰਖਤ ਬਣ ਜਾਂਦਾ ਹੈ ਤਾਂ ਉਹ ਸਾਨੂੰ ਛਾਂ ਤਾਂ ਦਿੰਦਾ ਹੀ ਹੈ ਉਸ ਦੇ ਨਾਲ-ਨਾਲ ਸੁੱਧ ਹਵਾ ਵੀ ਪ੍ਰਦਾਨ ਕਰਦਾ ਹੈ।
ਇਸ ਮੌਕੇ ਰੋਟਰੀ ਦੇ ਸਾਬਕਾ ਜ਼ਿਲ੍ਹਾ ਗਵਰਨਰ ਅਤੇ ਪ੍ਰਮੁੱਖ ਸਮਾਜ ਸੇਵੀ ਡਾ. ਆਰ. ਐਸ. ਪਰਮਾਰ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਨੋਜਵਾਨ ਪੀੜ੍ਹੀ ਨੂੰ ਵੀ ਇਸ ਮੁਹਿੰਮ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਕਿਉਂਕਿ ਨੌਜਵਾਨ ਪੀੜ੍ਹੀ ਦੇ ਸਹਿਯੋਗ ਨਾਲ ਇਸ ਮੁਹਿੰਮ ਨੂੰ ਭਰਵਾਂ ਹੁੰਗਰਾ ਮਿਲੇਗਾ। ਰੋਟਰੀ ਕਲੱਬ ਦੇ ਪ੍ਰਧਾਨ ਰੋਟੇਰੀਅਨ ਗੁਰਪ੍ਰੀਤ ਸਿੰਘ ਅਤੇ ਸਕੱਤਰ ਰੋਟੇਰੀਅਨ ਸੁਧੀਰ ਸ਼ਰਮਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਰੋਟਰੀ ਕਲੱਬ ਰੂਪਨਗਰ ਵੱਲੋਂ ਗਰੀਨ ਰੂਪਨਗਰ ਮਿਸ਼ਨ ਤਹਿਤ ਸ਼ਹਿਰ ਦੇ ਵੱਖ-ਵੱਖ ਸਥਾਨਾਂ 'ਤੇ ਪੌਦੇ ਲਗਾਏ ਜਾਣਗੇ ਅਤੇ ਸ਼ਹਿਰ ਦੀ ਦਿੱਖ ਨੂੰ ਹਰਿਆ-ਭਰਿਆ ਬਣਾਇਆ ਜਾਵੇਗਾ।
ਇਸ ਮੌਕੇ ਰੋਟਰੀ ਕਲੱਬ ਵੱਲੋਂ ਸਾਬਕਾ ਜ਼ਿਲ੍ਹਾ ਗਵਰਨਰ ਚੇਤਨ ਅਗਰਵਾਲ, ਸਾਬਕਾ ਸਹਾਇਕ ਗਵਰਨਰ ਅਮਰ ਰਾਜ ਸੈਣੀ, ਸਾਬਕਾ ਪ੍ਰਧਾਨ ਡੀ.ਐਸ.ਦਿਓਲ, ਜੇ.ਕੇ.ਸ਼ਰਮਾਂ ਤੋਂ ਇਲਾਵਾ ਡਾ. ਬੀ.ਪੀ.ਐਸ. ਪਰਮਾਰ, ਨਰਿੰਦਰ ਭੋਲਾ, ਵਿਜੇ ਕੱਕੜ, ਪ੍ਰੌਫੈਸਰ ਬੀ.ਐਸ. ਸਤਿਆਲ, ਪੁਨੀਤ ਗੁਪਤਾ, ਵਰੁਣ ਸੋਨੀ, ਸੰਦੀਪ ਤਨੇਜਾ, ਜਸਵਿੰਦਰਜੀਤ ਸਿੰਘ, ਸੁਰਜੀਤ ਸਿੰਘ ਸੰਧੂ, ਪਰਮਿੰਦਰ ਕੁਮਾਰ, ਐਚ.ਐਸ. ਸਿੱਟਾ, ਐਚ.ਐਸ. ਸੈਣੀ., ਪ੍ਰਮੋਦ ਸ਼ਰਮਾਂ, ਜਤਿੰਦਰਪਾਲ ਸਿੰਘ ਰਿਹਲ ਆਦਿ ਮੌਜੂਦ ਸਨ।