ਚੰਡੀਗੜ੍ਹ, 3 ਜੁਲਾਈ 2020 - ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਤਕਰੀਬਨ 40 ਅਫਸਰਾਂ ਵੱਲੋਂ ਪੀਸੀਐਸ ਅਫਸਰ ਐਸੋਸੀਏਸ਼ਨ ਦੀ ਕਾਰਜਕਾਰੀ ਬਾਡੀ ਦੀ ਇੱਕ ਮੀਟਿੰਗ ਅੱਜ ਪ੍ਰਧਾਨ ਰਾਜੀਵ ਗੁਪਤਾ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿੱਚ ਤਰਸੇਮ ਚੰਦ ਪੀਸੀਐਸ ਖ਼ਿਲਾਫ਼ ਐਫਆਈਆਰ ਦਰਜ ਕਰਨ ਦਾ ਮਾਮਲਾ ਵਿਚਾਰਿਆ ਗਿਆ ਅਤੇ ਪੀਸੀਐਸ ਅਫਸਰ ਦੀ ਗ੍ਰਿਫਤਾਰੀ ਨੂੰ ਆਪਹੁਦਰੇ, ਜਲਦਬਾਜ਼ੀ ਅਤੇ ਗਲਤ ਕਰਾਰ ਦਿੱਤਾ। ਐਸੋਸੀਏਸ਼ਨ ਨੇ ਇਸ ਤਰ੍ਹਾਂ ਦੀ ਕਾਰਵਾਈ ਦੀ ਨਿਖੇਧੀ ਕਰਦਿਆਂ ਅਫਸਰ ਦਾ ਹਰ ਢੰਗ ਨਾਲ ਸਮਰਥਨ ਕਰਨ ਦਾ ਫੈਸਲਾ ਲਿਆ ਹੈ।
ਇਸੇ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਮੁਖੀ ਬੀ ਕੇ ਉੱਪਲ ਨੇ ਆਰ ਟੀ ਏ ਵਜੋਂ ਤਾਇਨਾਤ ਪੀ ਸੀ ਐਸ ਅਫ਼ਸਰ ਦੀ ਗ੍ਰਿਫ਼ਤਾਰੀ ਨੂੰ ਜਾਇਜ਼ ਠਹਿਰਾਉਂਦੇ ਹੋਏ ਇਹ ਕੇਸ ਸੀ ਬੀ ਆਈ ਦੇ ਹਵਾਲੇ ਕਰਨ ਦੀ ਪੇਸ਼ਕਸ਼ ਕੀਤੀ ਹੈ . ਉਨ੍ਹਾਂ ਕਿਹਾ ਕਿ ਪੀ ਸੀ ਐਸ ਐਸੋਸੀਏਸ਼ਨ ਜੇਕਰ ਕਹਿੰਦੀ ਹੈ ਕਿ " ਅਸੀਂ ਕੁਝ ਗ਼ਲਤ ਕੀਤਾ ਹੈ ਤਾਂ ਇਸ ਕੇਸ ਦੀ ਜਾਂਚ ਸੀ ਬੀ ਆਈ ਤੋਂ ਕਰਾ ਲਈ ਜਾਵੇ. ਉਹ ਸੀ ਬੀ ਆਈ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ ."
ਇਸ ਤੋਂ ਇਲਾਵਾ, ਐਸੋਸੀਏਸ਼ਨ ਨੇ ਸਰਬਸੰਮਤੀ ਨਾਲ ਇਹ ਮਾਮਲਾ ਐਲ.ਡੀ. ਮੁੱਖ ਸਕੱਤਰ-ਕਮ-ਪ੍ਰਮੁੱਖ ਸਕੱਤਰ ਵਿਜੀਲੈਂਸ ਪੰਜਾਬ ਕੋਲ ਚੁੱਕਣ ਅਤੇ ਇਨਸਾਫ ਦੀ ਮੰਗ ਕਰਦੇ ਹੋਏ ਕਾਡਰ ਵਿਚ ਪਾਈ ਜਾ ਰਹੀ ਨਾਰਾਜ਼ਗੀ ਨੂੰ ਵੀ ਜ਼ਾਹਰ ਕੀਤਾ। ਐਸੋਸੀਏਸ਼ਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਾਰਵਾਈ ਕੀਤੀ ਜਾਵੇ ਅਤੇ ਉਕਤ ਐਫਆਈਆਰ ਨੂੰ ਰੱਦ ਕੀਤਾ ਜਾਵੇ ਅਤੇ ਕਾਨੂੰਨਾਂ ਦੀ ਉਲੰਘਣਾ ਦੀ ਵੀ ਜਾਂਚ ਕੀਤੀ ਜਾਵੇ।