ਅਸ਼ੋਕ ਵਰਮਾ
ਬਠਿੰਡਾ, 4 ਜੁਲਾਈ 2020 - ਲਾਕ ਡਾਊਨ ਦਰਮਿਆਨ ਬੇਜ਼ਮੀਨੇ-ਸਾਧਨਹੀਣ ਪੇਂਡੂ ਪਰਿਵਾਰਾਂ ਨੂੰ ਵੰਡੇ ਜਾਣ ਵਾਲੇ ਸਰਕਾਰੀ ਰਾਸ਼ਨ ਦੇ ਮੁੱਦੇ ਨੂੰ ਲੈ ਕੇ ਪਿੰਡਾਂ ਅੰਦਰ ਵਿਤਕਰੇਬਾਜੀ ਅਤੇ ਇਸ ਦੇ ਸਿੱਟੇ ਵੱਜੋਂ ਪੈਦਾ ਹੋ ਰਹੀ ਬਦਮਗਜੀ ਰੁਕਣ ਦਾ ਨਾਂਅ ਨਹੀਂ ਲੈ ਰਹੀ। ਤਾਜਾ ਮਾਮਲਾ ਪਿੰਡ ਤੁੰਗਵਾਲੀ ਦਾ ਹੈ ਜਿੱਥੇ ਅੱਜ ਨਾ ਕੇਵਲ ਗਰੀਬ ਕਿਰਤੀ ਪਰਿਵਾਰਾਂ ਬਲਕਿ ਕਿਸਾਨਾਂ ਨੇ ਵੀ ਸਰਕਾਰ ਰਾਸ਼ਨ ਦੀ ਕਾਣੀ ਵੰਡ ਖਿਲਾਫ ਸੂਬਾ ਸਰਕਾਰ, ਜਿਲ੍ਹਾ ਪ੍ਰਸ਼ਾਸਨ ਅਤੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਖਿਲਾਫ਼ ਜਬਰਦਸਤ ਨਾਅਰੇਬਾਜ਼ੀ ਕਰਦਿਆਂ ਰੋਸ ਦਾ ਪ੍ਰਗਟਾਵਾ ਕੀਤਾ।
ਰੋਸ ਕਰ ਰਹੇ ਲੋਕਾਂ ਦੀ ਅਗਵਾਈ ਕਰਨ ਵਾਲੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਮੇਜਰ ਸਿੰਘ ਤੁੰਗਵਾਲੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਭੋਲੂ ਸਿੰਘ ਨੇ ਮੰਗ ਕੀਤੀ ਕਿ ਵਿਭਾਗੀ ਕਰਮਚਾਰੀ ਪਿੰਡ ਵਿੱਚ ਬੈਠ ਕੇ ਆਪ ਰਾਸ਼ਨ ਵੰਡਣ ਜਾਂ ਇਸ ਮਕਸਦ ਲਈ ਮਜਦੂਰ ਪਰਿਵਾਰਾਂ ਦੇ ਵਿੱਚੋਂ ਹੀ ਨੁਮਾਇੰਦੇ ਲੈ ਕੇ ਸਾਂਝੀਆਂ ਕਮੇਟੀਆਂ ਦਾ ਗਠਨ ਕੀਤਾ ਜਾਵੇ। ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਜਨਰਲ ਸਕੱਤਰ ਮਿੱਠੂ ਸਿੰਘ ਘੁੱਦਾ ਅਤੇ ਪ੍ਰਕਾਸ਼ ਸਿੰਘ ਨੰਦਗੜ ਨੇ ਮੰਗ ਕੀਤੀ ਹੈ ਕਿ ਹਰ ਉਹ ਪਰਿਵਾਰ ਜੋ ਜਮੀਨ-ਜਾਇਦਾਦ, ਰੁਜ਼ਗਾਰ ਅਤੇ ਕਾਰੋਬਾਰ ਤੋਂ ਵਾਂਝਾ ਹੈ ਨੂੰ ਸਰਕਾਰ ਰਾਸ਼ਨ ਵੰਡੇ ਜਾਣ ਬਾਬਤ ਠੋਸ ਨੀਤੀ ਬਣਾਈ ਜਾਵੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਨੀਤੀ ‘ਤੇ ਈਮਾਨਦਾਰੀ ਨਾਲ ਅਮਲ ਯਕੀਨੀ ਬਣਾਵੇ।