ਅਸ਼ੋਕ ਵਰਮਾ
ਬਠਿੰਡਾ, 4 ਜੁਲਾਈ 2020 - ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਲਾਕਡਾਊਨ ਦੌਰਾਨ ਬਹੁਤ ਸਾਰੀਆਂ ਸੰਸਥਾਵਾਂ ਬੰਦ ਹੋਣ ਨਾਲ ਸਮੱਸਿਆਵਾਂ ਅਤੇ ਮੁੱਦੇ ਵੱਧ ਗਏ ਹਨ। ਖ਼ਾਸ ਕਰ ਕੇ ਔਰਤਾਂ ਦੀਆਂ ਦਿੱਕਤਾਂ ਵਿੱਚ ਭਾਰੀ ਵਾਧਾ ਹੋਇਆ ਹੈ ਜਿਸ ਸਦਕਾ ਅਸੀਂ ਬਹੁਤ ਜ਼ਿਆਦਾ ਬੇਯਕੀਨੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਾਂ। ਇਸ ਬੇਯਕੀਨੀ ਨੂੰ ਇੱਕ ਮੌਕੇ ਵਿੱਚ ਬਦਲਣ ਲਈ, ਬਾਬਾ ਫ਼ਰੀਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਮਹਿਲਾ ਵਿਕਾਸ ਸੈੱਲ ਵੱਲੋਂ ‘21ਵੀਂ ਸਦੀ :ਵੂਮੈਨੇਜਰਜ਼ ਨੂੰ ਦਰਪੇਸ਼ ਚੁਣੌਤੀਆਂ ਅਤੇ ਰਣਨੀਤੀਆਂ’ ਬਾਰੇ ਇੱਕ ਅੰਤਰਰਾਸ਼ਟਰੀ ਵੈਬੀਨਾਰ ਕਰਵਾਇਆ ਗਿਆ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਦੀ ਸਰਪ੍ਰਸਤੀ ਹੇਠ ਕਰਵਾਏ ਗਏ ਇਸ ਵੈਬੀਨਾਰ ਵਿੱਚ ਮਾਈਕਰੋ ਸਾਫ਼ਟ ਟੀਮਜ਼ ਰਾਹੀਂ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਤੋਂ ਅਕਾਦਮਿਕ ਮਾਹਿਰ, ਕਾਰਪੋਰੇਟ ਟਰੇਨਰ ਅਤੇ ਸਲਾਹਕਾਰ ਡਾ. ਸ਼ਾਦਮਾ ਪਰਵੀਨ, ਨੇ ਮੁੱਖ ਬੁਲਾਰੇ ਵਜੋਂ ਆਨਲਾਈਨ ਸ਼ਿਰਕਤ ਕੀਤੀ।
ਉਨ੍ਹਾਂ ਨੇ ਔਰਤਾਂ ਦੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨੂੰ ਦਰਪੇਸ਼ ਚੁਣੌਤੀਆਂ ਅਤੇ ਮੁੱਦਿਆਂ ਬਾਰੇ ਗੱਲ ਕੀਤੀ ਅਤੇ ਇਸ ਨੂੰ ਦੂਰ ਕਰਨ ਦੀਆਂ ਰਣਨੀਤੀਆਂ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ। ਇਸ ਵੈਬੀਨਾਰ ਦੌਰਾਨ ਡਾ. ਸ਼ਾਦਮਾ ਪਰਵੀਨ ਨੇ ਸਾਰੇ ਭਾਗੀਦਾਰਾਂ ਨੂੰ ਆਪਣੇ ਵਿਚਾਰਾਂ ਅਤੇ ਭਾਸ਼ਣਾਂ ਨਾਲ ਜੋੜੀ ਰੱਖਿਆ। ਸੈਸ਼ਨ ਦੇ ਅੰਤ ਵਿੱਚ, ਉਨਾਂ ਨੇ ਭਾਗੀਦਾਰਾਂ ਵੱਲੋਂ ਲਿੰਗ ਸਮਾਨਤਾ, ਤਣਾਅ ਪ੍ਰਬੰਧਨ ਅਤੇ ਸਮਾਂ ਪ੍ਰਬੰਧਨ ਬਾਰੇ ਪੁੱਛੇ ਗਏ ਸੁਆਲਾਂ ਦੇ ਜਵਾਬ ਦਿੱਤੇ ਅਤੇ ਵੂਮੈਨੇਜਰਜ਼ ਸ਼ਬਦ ਨੂੰ ਸ਼ਾਨਦਾਰ ਢੰਗ ਨਾਲ ਬਾਖ਼ੂਬੀ ਦਰਸਾਇਆ। ਇਸ ਅੰਤਰਰਾਸ਼ਟਰੀ ਵੈਬੀਨਾਰ ਵਿੱਚ ਵਿਸ਼ਵ ਭਰ ਚੋਂ 8 ਦੇਸ਼ਾਂ ਅਤੇ ਭਾਰਤ ਦੇ ਵੱਖ-ਵੱਖ 23 ਰਾਜਾਂ ਦੇ 600 ਤੋਂ ਵੀ ਵਧੇਰੇ ਭਾਗੀਦਾਰਾਂ ਨੇ ਭਾਗ ਲਿਆ।
ਵੈਬੀਨਾਰ ਦੌਰਾਨ ਕੋਵਿਡ-19 ਮਹਾਂਮਾਰੀ ਦੇ ਪ੍ਰਭਾਵ ਨਾਲ ਭਵਿੱਖ ਵਿੱਚ ਆਉਣ ਵਾਲੀਆਂ ਤਬਦੀਲੀਆਂ ਅਤੇ ਸਮੱਸਿਆਵਾਂ ਬਾਰੇ ਸਮਝ ਪੈਦਾ ਹੋਈ ਅਤੇ ਇਸ ਦੇ ਮੱਦੇਨਜ਼ਰ ਇੱਕ ਮਾਰਗ ਦਰਸ਼ਨ ਵੀ ਕੀਤਾ ਗਿਆ। ਅੰਤ ਵਿੱਚ ਬਾਬਾ ਫ਼ਰੀਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਪਿ੍ਰੰਸੀਪਲ ਡਾ. ਮਨੀਸ਼ ਗੋਇਲ ਨੇ ਵਿਸ਼ੇਸ਼ ਤੌਰ ’ਤੇ ਡਾ. ਸ਼ਾਦਮਾ ਪਰਵੀਨ ਅਤੇ ਹਾਜ਼ਰੀਨ ਲਈ ਧੰਨਵਾਦੀ ਸ਼ਬਦ ਕਹੇ। ਇਸ ਵੈਬੀਨਾਰ ਵਿੱਚ ਭਾਗ ਲੈਣ ਵਾਲਿਆਂ ਨੂੰ ਈ-ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ। ਇਸ ਵੈਬੀਨਾਰ ਦੌਰਾਨ ਕੰਪਿਊਟਰ ਸਾਇੰਸ ਵਿਭਾਗ ਦੀ ਸਹਾਇਕ ਪ੍ਰੋਫੈਸਰ ਡਾ. ਨਮੀਸ਼ਾ ਸਿੰਘ ਨੇ ਸੰਚਾਲਕ ਦੀ ਭੂਮਿਕਾ ਬਾਖ਼ੂਬੀ ਨਿਭਾਈ। ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਵੈਬੀਨਾਰ ਦੀ ਸਮੁੱਚੀ ਪ੍ਰਬੰਧਕੀ ਟੀਮ ਨੂੰ ਵਧਾਈ ਦਿੱਤੀ।