ਮਨਿੰਦਰਜੀਤ ਸਿੱਧੂ
ਜੈਤੋ , 4 ਜੁਲਾਈ 2020 - ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਦੀ ਸੇਵਾ ਵਿੱਚ ਜੁਟੇ ਸਿਹਤ ਕਰਮਚਾਰੀਆਂ, ਪੁਲਿਸ ਕਰਮਚਾਰੀਆਂ ਅਤੇ ਸਫਾਈ ਕਰਮਚਾਰੀਆਂ ਨੂੰ ਕੋਰੋਨਾ ਦੇ ਯੋਧਿਆਂ ਵਜੋਂ ਸਰਕਾਰ ਅਤੇ ਆਮ ਲੋਕਾਂ ਵੱਲੋਂ ਮਾਨ ਸਨਮਾਨ ਦਿੱਤਾ ਗਿਆ। ਉਪਰੋਕਤ ਸਾਰਿਆਂ ਤੋਂ ਇਲਾਵਾ ਇੱਕ ਵਰਗ ਅਜਿਹਾ ਵੀ ਹੈ ਜਿਸਨੂੰ ਸਰਕਾਰ ਅਤੇ ਸਮਾਜ ਦੋਨਾਂ ਨੇ ਅਣਗੌਲਿਆ ਕੀਤਾ ਪਰ ਕੁਰਬਾਨੀ ਉਸਦੀ ਵੀ ਇਸ ਮਹਾਂਮਾਰੀ ਵਿੱਚ ਕਿਸੇ ਨਾਲੋਂ ਘੱਟ ਨਹੀਂ ਸੀ, ਉਹ ਹਨ ਦੁਕਾਨਦਾਰ ਅਤੇ ਕਾੋਰਬਾਰੀ ਜਿਹਨਾਂ ਨੇ ਲਾਕਡਾਊਨ ਦੌਰਾਨ ਲਗਾਤਾਰ 2 ਮਹੀਨੇ ਦੇ ਕਰੀਬ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਸਰਕਾਰ ਦੇ ਹੁਕਮਾਂ ਤੇ ਫੁੱਲ ਚੜਾਏ।
ਦੁਕਾਨਾਂ ਦੇ ਕਿਰਾਏ, ਦੁਕਾਨ ਤੇ ਲੱਗੇ ਮੁਲਾਜਮਾਂ ਦੀਆਂ ਤਨਖਾਹਾਂ, ਬਿਜਲੀ ਦੇ ਬਿੱਲ ਅਤੇ ਹੋਰ ਖਰਚੇ ਵੀ ਆਪਣੀ ਜੇਬ ਵਿੱਚੋਂ ਭਰ ਕੇ ਦੇਸ਼ ਨੂੰ ਕੋਰੋਨਾ ਮਹਾਂਮਾਰੀ ਖਿਲਾਫ਼ ਲੜਨ ਵਿੱਚ ਪੂਰਾ ਸਹਿਯੋਗ ਦਿੱਤਾ ਹੈ। ਬਹੁਤੇ ਦੁਕਾਨਦਾਰ ਤਾਂ ਇਸ ਮਹਾਂਮਾਰੀ ਦੌਰਾਨ ਲੱਖਾਂ ਰੁਪਏ ਦੇ ਕਰਜਾਈ ਹੋ ਗਏ ਹਨ। ਕਈ ਕਾਰੋਬਾਰਾਂ ਨੂੰ ਤਾਂ ਹਾਲੇ ਤੱਕ ਵੀ ਸਰਕਾਰ ਵੱਲੋਂ ਢਿੱਲ ਨਹੀਂ ਦਿੱਤੀ ਗਈ ਜਿਸ ਤਰ੍ਹਾਂ ਵਿਦਿਅਕ ਅਦਾਰੇ, ਵਿਆਹ ਸ਼ਾਦੀਆਂ ਨਾਲ ਸਬੰਧਿਤ ਕੰਮਾਂ ਵਾਲੇ ਕਾਰੋਬਾਰਾਂ ਨੂੰ ਆਪਣੇ ਕਾਰੋਬਾਰ ਚਲਾਉਣ ਦੀ ਇਜ਼ਾਜਤ ਨਹੀਂ।
ਐਨੀ ਕੁਰਬਾਨੀ ਦੇ ਬਾਵਜ਼ੂਦ ਵੀ ਸਰਕਾਰ ਵੱਲੋਂ ਦੁਕਾਨਦਾਰਾਂ, ਕਾਰੋਬਾਰੀਆਂ, ਵਪਾਰੀਆਂ, ਰੇਹੜੀਆਂ-ਫੜ੍ਹੀਆਂ ਲਾਉਣ ਵਾਲਿਆਂ ਨੂੰ ਕੋਈ ਮਾਲੀ ਸਹਾਇਤਾ ਜਾਂ ਕੋਈ ਛੋਟ ਦੇਣ ਦੀ ਗੱਲ ਤਾਂ ਦੂਰ ਸਗੋਂ ਉਹਨਾਂ ਦੀ ਸਿਫ਼ਤ ਵਿੱਚ ਦੋ ਸ਼ਬਦ ਬੋਲਣੇ ਵੀ ਮੁਨਾਸਿਫ ਨਹੀਂ ਸਮਝੇ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਵੀ ਲੋਕਾਂ ਨੂੰ ਰਾਹਤ ਦੇਣ ਲਈ 20 ਲੱਖ ਕਰੋੜ ਦਾ ਪੈਕੇਜ਼ ਤਾਂ ਐਲਾਨ ਦਿੱਤਾ ਗਿਆ ਹੈ ਪਰ ਉਸ ਪੈਕੇਜ ਵਿੱਚ ਵੀ ਦੁਕਾਨਦਾਰਾਂ ਜਾਂ ਆਮ ਲੋਕਾਂ ਲਈ ਕੋਈ ਰਾਹਤ ਨਹੀਂ ਦਿੱਤੀ ਗਈ।