- ਕਈ ਕਿਸਾਨ ਆਗੂ ਕ੍ਰਾਂਤੀਕਾਰੀ ਕਿਸਾਨ ਯੂਨੀਅਨ 'ਚ ਸ਼ਾਮਲ ਹੋਏ
ਮਾਨਸਾ, 4 ਜੁਲਾਈ 2020 - ਕੱਲ੍ਹ ਮਿਤੀ 3 ਜੁਲਾਈ 2020 ਨੂੰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਜਿਲ੍ਹਾ ਮਾਨਸਾ ਦਾ ਇਕ ਵਫ਼ਦ ਸੂਬਾ ਪ੍ਰਧਾਨ ਡਾ ਦਰਸ਼ਨ ਪਾਲ ਦੀ ਅਗਵਾਈ ਵਿੱਚ ਮਾਨਸਾ ਜ਼ਿਲ੍ਹਾ ਕਮੇਟੀ ਦੇ ਆਗੂਆਂ ਕੇਵਲ ਸਿੰਘ ਅਕਲੀਆ ਅਤੇ ਭਜਨ ਸਿੰਘ ਘੁੰਮਣ ਕਲਾਂ ਕਰਮਵਾਰ ਸੀਨੀਅਰ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਜਨਰਲ ਸਕੱਤਰ ਦੇ ਨਾਲ ਐਕਸੀਅਨ ਬਿਜਲੀ ਬੋਰਡ ਮਾਨਸਾ ਨੂੰ ਮਿਲਿਆ। ਐਕਸੀਅਨ ਦੇ ਨਾਲ ਪਿੰਡ ਹੀਰੇਵਾਲਾ ਵਿੱਚ ਕਿਸਾਨਾਂ ਦੀਆਂ ਮੋਟਰਾਂ ਦੇ ਪੈਂਡਿੰਗ ਕੁਨੈਕਸ਼ਨਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਪਿੰਡ ਮਾਨ ਬੀਬੜੀਆਂ ਦੇ ਓਵਰਲੋਡ ਫੀਡਰਾਂ ਬਾਰੇ ਵੀ ਐਕਸੀਅਨ ਤੇ ਨੋਟਿਸ 'ਚ ਲਿਆਉਂਦਿਆਂ ਹੋਇਆ ਇੱਕ ਮੰਗ ਪੱਤਰ ਦਿੱਤਾ ਗਿਆ। ਇਸੇ ਤਰ੍ਹਾਂ ਓਵਰਲੋਡ ਟਰਾਂਸਫਾਰਮਰਾਂ, ਢਿੱਲੀਆਂ ਲਾਈਨਾਂ ਅਤੇ ਉਵਰਲੋਡ ਲਾਈਨਾਂ ਅਤੇ ਹੋਰ ਬਹੁਤ ਸਾਰੇ ਮਾਮਲੇ ਉਨ੍ਹਾਂ ਦੇ ਨੋਟਿਸ ਵਿਚ ਲਿਆਂਦੇ ਗਏ। ਐਕਸੀਅਨ ਬਿਜਲੀ ਬੋਰਡ ਮਾਨਸਾ ਇੰਜੀਨੀਅਰ ਸਾਹਿਲ ਕੁਮਾਰ ਨੇ ਯਕੀਨ ਦਿਵਾਇਆ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਰੱਖੇ ਗਏ ਮਸਲੇ ਜਲਦੀ ਤੋਂ ਜਲਦੀ ਹੱਲ ਕੀਤੇ ਜਾਣਗੇ।
ਅੱਜ ਦੇ ਇਸ ਪ੍ਰੋਗਰਾਮ ਮੌਕੇ ਇਕੱਤਰ ਹੋਏ ਕਿਸਾਨਾਂ ਵੱਲੋਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਪੰਜਾਬ ਵਿੱਚ ਸ਼ਾਮਲ ਹੋਣ ਵਾਲੇ ਕਿਸਾਨਾਂ ਨੂੰ ਜੀ ਆਇਆ ਕਹਿੰਦਿਆਂ ਉਨ੍ਹਾਂ ਨੂੰ ਯੂਨੀਅਨ ਦੇ ਹਰੇ ਪਟਕੇ ਪਾ ਕੇ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬੈਜ ਲਾ ਕੇ ਸਨਮਾਨਿਤ ਕੀਤਾ ਗਿਆ। ਅੱਜ ਯੂਨੀਅਨ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਮਾਨਸਾ ਜਿਲ੍ਹੇ ਦੇ ਸੀਨੀਅਰ ਕਿਸਾਨ ਲੀਡਰ ਮਾਸਟਰ ਦਰਸ਼ਨ ਸਿੰਘ ਜੀ ਟਾਹਲੀਆਂ, ਸਤਨਾਮ ਸਿੰਘ ਭੈਣੀ ਬਾਘਾ, ਜਗਸੀਰ ਸਿੰਘ ਭੈਣੀ ਬਾਘਾ, ਜੀਵਨ ਕੁਮਾਰ ਬੱਪੀਆਣਾ, ਅਤੇ ਕੁਲਵਿੰਦਰ ਕੁਮਾਰ ਬੱਪੀਆਣਾ ਦਾ ਜਿੱਥੇ ਨਾਅਰੇ ਲਾ ਕੇ ਸਵਾਗਤ ਕੀਤਾ ਗਿਆ ਉੱਥੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵਿੱਚ ਪਹਿਲੋਂ ਹੀ ਸਰਗਰਮੀ ਨਾਲ ਕੰਮ ਕਰ ਰਹੇ ਪਿੰਡ ਹੀਰੇਵਾਲਾ ਦੇ ਪ੍ਰਧਾਨ ਜਗਸੀਰ ਸਿੰਘ ਜੱਗਾ ਅਤੇ ਬੂਟਾ ਸਿੰਘ ਦੀ ਅਗਵਾਈ ਵਿੱਚ ਅਤੇ ਪਿੰਡ ਮਾਨ ਬੀਬੜੀਆਂ ਦੇ ਪ੍ਰਧਾਨ ਲਾਭ ਸਿੰਘ ਅਤੇ ਜਨਰਲ ਸਕੱਤਰ ਪ੍ਰਗਟ ਸਿੰਘ ਦੀ ਅਗਵਾਈ ਵਿੱਚ ਦਰਜਨਾਂ ਕਿਸਾਨਾਂ ਨੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਿੱਚ ਸ਼ਾਮਲ ਹੋਏ ਆਗੂਆਂ ਨੂੰ ਜੀ ਆਇਆਂ ਕਹਿੰਦਿਆਂ ਇਹ ਯਕੀਨ ਦੁਆਇਆ ਕਿ ਜਿੱਥੇ ਝੋਨੇ ਦੀ ਲਵਾਈ ਤੋਂ ਬਾਅਦ ਪਿੰਡ ਪਿੰਡ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀਆਂ ਇਕਾਈਆਂ ਬਣਾਈਆਂ ਜਾਣਗੀਆਂ ਉੱਥੇ 20 ਤੋਂ 27 ਜੁਲਾਈ ਤੱਕ ਪੰਜਾਬ ਦੀਆਂ 14 ਕਿਸਾਨ ਜਥੇਬੰਦਿਆਂ ਵੱਲੋਂ ਤਿੰਨ ਕਿਸਾਨ ਵਿਰੋਧੀ ਆਰਡੀਨੈਂਸਾਂ, ਬਿਜਲੀ ਸੋਧ ਬਿੱਲ-2020, ਪੰਜਾਬ ਦੇ ਅਧਿਕਾਰਾਂ 'ਤੇ ਛਾਪੇ, ਨਿੱਤ ਵਧਦੀਆਂ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਅਤੇ ਬੁੱਧੀਜਿਵੀਆਂ, ਪੱਤਰਕਾਰਾਂ, ਕਲਾਕਾਰਾਂ, ਲੇਖਕਾਂ, ਬੀ ਜੇ ਪੀ ਸਰਕਾਰ ਨਾਲ ਮੱਤਭੇਦ ਰੱਖਣ ਵਾਲੇ ਸਰਗਰਮ ਕਾਰਕੁੰਨਾਂ ਅਤੇ ਸਾਹਿਤਕਾਰਾਂ ਦੀਆਂ ਗ੍ਰਿਫ਼ਤਾਰੀਆਂ ਅਤੇ ਸਜਾਵਾਂ ਦੇ ਵਿਰੋਧ 'ਚ ਅਤੇ ਜੇਲ੍ਹੀਂ ਡੱਕਿਆਂ ਦੀ ਰਿਹਾਈ ਲਈ ਉਲੀਕੇ ਸਾਂਝੇ ਕਿਸਾਨ ਸੰਘਰਸ਼ ਵਿੱਚ ਜ਼ੋਰ ਸ਼ੋਰ ਨਾਲ ਹਿੱਸਾ ਪਾਵਾਂਗੇ ਅਤੇ 27 ਜੁਲਾਈ ਦੇ ਟਰੈਕਟਰ ਮਾਰਚਾਂ ਨੂੰ ਸਫਲ ਬਣਾਵਾਂਗੇ।
ਬਾਅਦ ਵਿੱਚ ਇਕੱਤਰ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਡਾ ਦਰਸ਼ਨ ਪਾਲ, ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਅਕਲੀਆ ਅਤੇ ਯੂਨੀਅਨ ਚ ਅੱਜ ਸ਼ਾਮਲ ਹੋਏ ਮਾਨਸਾ ਜਿਲ੍ਹੇ ਦੇ ਸੀਨੀਅਰ ਕਿਸਾਨ ਆਗੂ ਮਾਸਟਰ ਦਰਸ਼ਨ ਸਿੰਘ ਟਾਹਲੀਆਂ ਨੇ ਕਿਸਾਨਾਂ ਨੂੰ ਯਕੀਨ ਦਿਵਾਇਆ ਕਿ ਬਿਜਲੀ ਬੋਰਡ ਨਾਲ ਸਬੰਧਤ ਮਸਲਿਆਂ ਲਈ ਜੇਕਰ ਜ਼ਰੂਰਤ ਪਈ ਤਾਂ ਪਟਿਆਲਾ ਵਿਖੇ ਪਾਵਰਕਾਮ ਦੇ ਦਫਤਰ ਅੱਗੇ ਧਰਨਾ ਲਾ ਕੇ ਚੇਅਰਮੈਨ ਸਾਹਿਬ ਤੋਂ ਇਨ੍ਹਾਂ ਮਸਲਿਆਂ ਦੇ ਹੱਲ ਹੋਣ ਤੱਕ ਲਗਾਤਾਰ ਧਰਨਾ ਲਾਇਆ ਜਾਵੇਗਾ।