ਫਿਰੋਜ਼ਪੁਰ, 5 ਜੁਲਾਈ 2020 - ਫਿਰੋਜ਼ਪੁਰ ਫਾਜ਼ਿਲਕਾ ਰੋਡ 'ਤੇ ਪੈਂਦੇ ਸੈਦੇ ਕੇ ਮੋਹਨ ਵਿਖੇ ਟਰੱਕ ਟਰਾਲਾ ਅਤੇ ਟਰੈਕਟਰ ਦੀ ਹੋਈ ਟੱਕਰ ਵਿਚ ਇਕ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋਣ ਦੀ ਖਬਰ ਮਿਲੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਵਿਜੇ ਕੁਮਾਰ ਪੁੱਤਰ ਅਮਾਨਤ ਰਾਮ ਵਾਸੀ ਚੱਕ ਮਹੰਤਾਂ ਵਾਲਾ ਨੇ ਦੋਸ਼ ਲਗਾਇਆ ਹੈ ਕਿ ਬੀਤੀ 29 ਜੂਨ 2020 ਦੀ ਸਵੇਰ ਨੂੰ ਉਸ ਦਾ ਲੜਕਾ ਹਰਦੇਵ ਤੇ ਰਿਸ਼ਤੇਦਾਰ ਹੰਸ ਰਾਜ (48) ਪੁੱਤਰ ਕਾਲਾ ਰਾਮ ਵਾਸੀ ਗੋਬਿੰਦ ਨਗਰੀ ਦਾਖਲੀ ਮੋਹਨ ਕੇ ਉਤਾੜ ਜੋ ਟਰੈਕਟਰ ਮਗਰ ਮਿਕਸਚਰ ਮਸ਼ੀਨ ਪਾ ਕੇ ਲੈਂਟਰ ਪਾਉਣ ਲਈ ਪਿੰਡ ਪੋਜੋ ਕੇ ਉਤਾੜ ਜਾ ਰਹੇ ਸੀ।
ਵਿਜੇ ਕੁਮਾਰ ਨੇ ਦੱਸਿਆ ਕਿ ਜਦ ਉਹ ਪਿੰਡ ਸੈਦੇ ਕੇ ਮੋਹਨ ਕੋਲ ਪਹੁੰਚੇ ਤਾਂ ਇਕ ਅਣਪਛਾਤੇ ਵਿਅਕਤੀ ਨੇ ਤੇਜ਼ ਰਫਤਾਰ ਤੇ ਲਾਪ੍ਰਵਾਹੀ ਨਾਲ ਟਰੱਕ ਟਰਾਲਾ ਲਿਆ ਕੇ ਉਨ੍ਹਾਂ ਦੇ ਟਰੈਕਟਰ ਵਿਚ ਮਾਰਿਆ, ਜਿਸ ਕਾਰਨ ਟਰੈਕਟਰ ਸਮੇਤ ਮਸ਼ੀਨ ਪਲਟ ਗਿਆ। ਇਸ ਹਾਦਸੇ ਵਿਚ ਉਸ ਦੇ ਰਿਸ਼ਤੇਦਾਰ ਹੰਸ ਰਾਜ ਦੇ ਗੰਭੀਰ ਸੱਟਾਂ ਲੱਗੀਆਂ, ਜਿਸ ਨੂੰ ਇਲਾਜ ਲਈ ਅਰੋੜਾ ਨਿਊਰੋ ਸੈਂਟਰ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰ ਨੇ ਪੀਜੀਆਈ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ। ਵਿਜੇ ਕੁਮਾਰ ਨੇ ਦੱਸਿਆ ਕਿ ਜਦ ਉਹ ਹੰਸ ਰਾਜ ਨੂੰ ਪੀਜੀਆਈ ਲਿਜਾ ਰਹੇ ਸਨ ਤਾਂ ਰਸਤੇ ਵਿਚ ਉਸ ਦੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਗੁਰੂਹਰਸਹਾਏ ਪੁਲਿਸ ਦੇ ਏਐੱਸਆਈ ਮਹਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਅਣਪਛਾਤੇ ਟਰੱਕ ਟਰਾਲਾ ਚਾਲਕ ਖਿਲਾਫ 304-ਏ, 279, 337, 338, 427 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ।