ਹਰੀਸ਼ ਕਾਲੜਾ
- ਸ਼ਬਦ ਗਾਇਨ ਪ੍ਰਤੀਯੋਗਤਾ ਨਾਲ ਸ਼ੁਰੂ ਹੋਣਗੇ ਮੁਕਾਬਲੇ
ਰੂਪਨਗਰ, 5 ਜੁਲਾਈ 2020 - ਸ੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾਣ ਵਾਲੇ ਸਮਾਗਮਾਂ ਦੀ ਲੜੀ 'ਚ ਦਫਤਰ ਜਿਲ੍ਹਾ ਸਿੱਖਿਆ ਅਫਸਰ ਵੱਲੋਂ ਕਰਵਾਏ ਜਾ ਰਹੇ ਵਿੱਦਿਅਕ ਮੁਕਾਬਲਿਆਂ ਲਈ ਸਾਰੀ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਰਾਜ ਕੁਮਾਰ ਖੋਸਲਾ ਜਿਲ੍ਹਾ ਸਿੱਖਿਆ ਅਫਸਰ ਰੂਪਨਗਰ( ਸ਼ੈ.ਸਿੱ)ਅਤੇ ਜਰਨੈਲ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ (ਪ੍ਰਾਇਮਰੀ) ਨੇ ਦੱਸਿਆ ਕਿ ਇਹ ਆਨਲਾਈਨ ਮੁਕਾਬਲੇ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ 'ਚ 6 ਜੁਲਾਈ ਤੋਂ ਆਰੰਭ ਹੋਣਗੇ ਅਤੇ ਦਸੰਬਰ ਮਹੀਨੇ ਤੱਕ ਚੱਲਣਗੇ। ਇੰਨ੍ਹਾਂ ਮੁਕਾਬਲਿਆਂ ਦੀ ਸ਼ੁਰੂਆਤ ਸ਼ਬਦ ਗਾਇਨ ਪ੍ਰਤੀਯੋਗਤਾ ਨਾਲ ਹੋਵੇਗੀ। ਉਨ੍ਹਾਂ ਦੱਸਿਆ ਕਿ ਕੋਵਿਡ-19 ਸਬੰਧੀ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਇਹ ਮੁਕਾਬਲੇ ਆਨਲਾਈਨ ਅਤੇ ਸੋਲੋ ਆਈਟਮਜ਼ ਦੇ ਰੂਪ 'ਚ ਕਰਵਾਏ ਜਾ ਰਹੇ ਹਨ। ਐਸ.ਸੀ.ਈ.ਆਰ.ਟੀ. ਦੀ ਦੇਖ-ਰੇਖ 'ਚ ਕਰਵਾਏ ਜਾਣ ਵਾਲੇ ਇੰਨ੍ਹਾਂ ਮੁਕਾਬਲਿਆਂ ਦਾ ਵਿਸ਼ਾ-ਵਸਤੂ ਸ੍ਰੀ ਗੁਰੁ ਤੇਗ ਬਹਾਦਰ ਜੀ ਦਾ ਜੀਵਨ, ਬਾਣੀ, ਫਲਸਫਾ, ਉਪਦੇਸ਼, ਕੁਰਬਾਨੀ ਤੇ ਉਸਤਤ ਹੋਵੇਗਾ।
ਗੁਰ ਮਰਿਆਦਾ ਨੂੰ ਧਿਆਨ 'ਚ ਰੱਖ ਕੇ ਕਰਵਾਈ ਜਾਣ ਵਾਲੀ ਇਸ ਪ੍ਰਤੀਯੋਗਤਾ 'ਚ ਸ਼ਬਦ ਗਾਇਨ, ਕਵਿਤਾ, ਭਾਸ਼ਨ, ਸੁੰਦਰ ਲਿਖਾਈ, ਗੀਤ, ਸੰਗੀਤਕ ਸਾਜ਼ ਵਜਾਉਣ, ਪੇਂਟਿੰਗ, ਪੋਸਟਰ ਮੇਕਿੰਗ, ਸਲੋਗਨ ਲਿਖਣੇ, ਪੀ.ਪੀ.ਟੀ. ਮੇਕਿੰਗ ਤੇ ਦਸਤਾਰਬੰਦੀ ਮੁਕਾਬਲੇ ਸ਼ਾਮਲ ਹਨ। ਇਹ ਮੁਕਾਬਲੇ ਪ੍ਰਾਇਮਰੀ, ਮਿਡਲ ਤੇ ਸੈਕੰਡਰੀ ਪੱਧਰ 'ਤੇ ਕਰਵਾਏ ਜਾਣਗੇ ਅਤੇ ਨਾਲ ਹੀ ਇੰਨ੍ਹਾਂ ਤਿੰਨਾਂ ਵਰਗਾਂ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਵੱਖਰੇ ਮੁਕਾਬਲੇ ਵੀ ਕਰਵਾਏ ਜਾਣਗੇ। ਡਿਪਟੀ ਡੀ.ਈ.ਓ ਸੁਰਿੰਦਰ ਪਾਲ ਸਿੰਘ ,ਹਰਭੁਪਿੰਦਰ ਕੌਰ ,ਰੰਜਨਾ ਕਟਿਆਲ ਅਤੇ ਚਰਨਜੀਤ ਸਿੰਘ ਸੋਢੀ ਨੇ ਦੱਸਿਆ ਕਿ ਇੰਨ੍ਹਾਂ 11 ਮੁਕਾਬਲਿਆਂ ਵਾਲੀ ਪ੍ਰਤੀਯੋਗਤਾ ਦੀ ਸ਼ੁਰੂਆਤ ਸਕੂਲ ਪੱਧਰ ਤੋਂ ਹੋਵੇਗੀ ਅਤੇ ਰਾਜ ਪੱਧਰ ਤੱਕ ਚੱਲੇਗੀ।
ਇਨ੍ਹਾਂ ਮੁਕਾਬਲਿਆਂ 'ਚ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਵੇਗਾ ਤਾਂ ਜੋ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਬਾਣੀ, ਉਪਦੇਸ਼, ਫਲਸਫੇ ਤੇ ਕੁਰਬਾਨੀ ਬਾਰੇ ਨਵੀਂ ਪੀੜ੍ਹੀ ਨੂੰ ਪੂਰਾ ਗਿਆਨ ਹਾਸਿਲ ਹੋ ਸਕੇ ਅਤੇ ਗੁਰੁ ਸਾਹਿਬ ਦੇ ਜੀਵਨ ਅਤੇ ਫਲਸਫੇ ਬਾਰੇ ਜਨ-ਜਨ ਜਾਣੂ ਹੋ ਸਕੇ। ਇੰਨ੍ਹਾ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਦੇਣ ਦੇ ਨਾਲ-ਨਾਲ ਬਿਹਤਰੀਨ ਕਾਰਗੁਜ਼ਾਰੀ ਵਾਲੇ ਸਕੂਲ ਮੁਖੀਆਂ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਤੇ ਬੱਚਿਆਂ ਨੂੰ ਅਗਵਾਈ ਦੇਣ ਵਾਲੇ ਅਧਿਆਪਕਾਂ ਦਾ ਵਿਭਾਗ ਵੱਲੋਂ ਸਨਮਾਨ ਕੀਤਾ ਜਾਵੇਗਾ।
ਇਨ੍ਹਾਂ ਮੁਕਾਬਲਿਆਂ ਦੇ ਸੰਚਾਲਨ ਲਈ ਜਿਲ੍ਹੇ ਦੇ ਅਧਿਕਾਰੀਆਂ ਦੀ ਇੱਕ ਕਮੇਟੀ ਬਣਾਈ ਗਈ ਹੈ। ਜਿਸ ਵਿੱਚ ਸ਼ੈਕੰਡਰੀ ਸਿੱਖਿਆ ਲਈ ਜਿਲ੍ਹਾ ਪੱਧਰੀ ਨੋਡਲ ਅਫਸਰ ਪ੍ਰਿੰਸੀਪਲ ਰੁਚੀ ਗਰੋਵਰ ਅਤੇ ਬਲਾਕਾਂ ਵਿੱਚ ਬਲਾਕ ਪੱਧਰੀ ਨੋਡਲ ਅਫਸਰ ਲਗਾਏ ਗਏ ਹਨ ਅਤੇ ਇਸੇ ਤਰ੍ਹਾਂ ਪ੍ਰਾਇਮਰੀ ਸਿੱਖਿਆ ਵਿੱਚ ਜਿਲ੍ਹਾ ਪੱਧਰੀ ਨੋਡਲ ਅਫਸਰ ਕਮਿੰਦਰ ਸਿੰਘ ਅਤੇ ਬਲਾਕਾ ਚ ਬਲਾਕ ਨੋਡਲ ਅਫਸਰ ਲਗਾਏ ਗਏ ਹਨ।ਇਸ ਤੋ ਇਲਾਵਾ ਜ਼ਿਲ੍ਹਾ ਪ੍ਰਿੰਟ ਮੀਡੀਆ ਕੋਆਰਡੀਨੇਟਰ ਜਰਨੈਲ ਸਿੰਘ ਨਿੱਕੂਵਾਲ ,ਜਿਲ੍ਹਾ ਸੋਸ਼ਲ ਮੀਡੀਆ ਕੁਆਰਡੀਨੇਟਰ ਬਲਵਿੰਦਰ ਸਿੰਘ ਲੋਧੀਪੁਰ ਜਿਲ੍ਹਾ ਕਮੇਟੀ ਦੇ ਮੈਂਬਰ ਹਨ।