ਹਰੀਸ਼ ਕਾਲੜਾ
- ਮਿਸ਼ਨ ਫਤਿਹ ਤਹਿਤ ਸਿਹਤ ਵਿਭਾਗ ਵਲੋਂ ਸਾਵਧਾਨੀਆਂ ਅਪਣਾਉਣ ਦੀ ਦਿੱਤੀ ਜਾ ਰਹੀ ਹੈ ਜਾਣਕਾਰੀ
ਸ੍ਰੀ ਅਨੰਦਪੁਰ ਸਾਹਿਬ, 5 ਜੁਲਾਈ 2020 - ਪੰਜਾਬ ਸਰਕਾਰ ਵੱਲੋ ਵਿੱਢੇ ਗਏ ਮਿਸ਼ਨ ਫਤਿਹ ਤਹਿਤ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਹਰ-ਰੋਜ ਜਾਗਰੂਕਤਾ ਗਤੀਵਿਧੀਆਂ ਅਤੇ ਘਰ ਘਰ ਜਾਗਰੂਕਤਾ ਮੁਹਿੰਮ ਚਲਾ ਕੇ ਕੋਰੋਨਾ ਦੇ ਸੰਕਰਮਣ ਤੇ ਕਾਬੂ ਪਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਉੱਥੇ ਹੀ ਸਿਹਤ ਵਿਭਾਗ ਵੱਲੋਂ ਵੀ ਆਪਣੀ ਟੈਸਟਿੰਗ ਪ੍ਰਕਿਰਿਆ ਵੀ ਤੇਜ਼ੀ ਨਾਲ ਜਾਰੀ ਹੈ ਤਾਂ ਕਿ ਕੋਰੋਨਾ ਪਾਜ਼ੀਟਿਵ ਮਰੀਜ਼ ਦਾ ਸਹੀ ਸਮੇਂ 'ਤੇ ਪਤਾ ਲਗਾਇਆ ਜਾ ਸਕੇ ਅਤੇ ਉਸ ਨੂੰ ਲੋੜੀਂਦੀ ਮੈਡੀਕਲ ਸਹਾਇਤਾ ਦੇ ਕੇ ਉਸ ਨੂੰ ਇਸ ਤੋਂ ਬਚਾਇਆ ਜਾ ਸਕੇ। ਸਕਰੀਨਿੰਗ ਅਤੇ ਟੈਸਟਿੰਗ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਨਾਲ ਕੋਰੋਨਾ ਦੇ ਸੰਕਰਮਣ ਦੇ ਫੈਲਾਅ ਤੇ ਵੀ ਬਹੁਤ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਹੈ।
ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਕਰਦਿਆਂ ਸੀਨੀਅਰ ਮੈਡੀਕਲ ਅਫਸਰ ਡਾ.ਚਰਨਜੀਤ ਕੁਮਾਰ ਨੇ ਦੱਸਿਆ ਕਿ ਹੁਣ ਤੱਕ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿੱਚ ਕੋਰੋਨਾ ਦੇ ਸੈਕੜੇ ਨਮੂਨੇ ਇਕੱਤਰ ਕੀਤੇ ਗਏ ਹਨ। ਜਿਹਨਾਂ ਨੂੰ ਟੈਸਟਿੰਗ ਲਈ ਅੱਗੇ ਭੇਜਿਆ ਜਾ ਰਿਹਾ ਹੈ ਅਤੇ ਰਿਪੋਰਟ ਆਉਣ ਤੇ ਢੁਕਵੀਂ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਰੇਲਵੇ ਸਟੇਸ਼ਨ ਉਤੇ ਬਾਹਰਲੇ ਰਾਜਿਆ ਤੋਂ ਰੇਲ ਗੱਡੀਆਂ ਰਾਹੀਆਂ ਆਉਣ ਵਾਲੇ ਯਾਤਰੀਆਂ ਦੀ ਨਿਰੰਤਰ ਮੈਡੀਕਲ ਜਾਂਚ ਹੋ ਰਹੀ ਹੈ।
ਇਸੇ ਤਰ੍ਹਾਂ ਨੂਰਪੁਰ ਬੇਦੀ ਦੀਆਂ ਸਿਹਤ ਵਿਭਾਗ ਦੀਆਂ ਟੀਮਾ ਲਗਾਤਾਰ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਟੈਸਟਿੰਗ ਕਰ ਰਹੀਆਂ ਹਨ। ਉਹਨਾਂ ਵਲੋਂ ਟੈਸਟਿੰਗ ਕੁਲੈਕਸ਼ਨ ਕਰਕੇ ਅਗਲੀ ਕਾਰਵਾਈ ਲਈ ਭੇਜੀ ਜਾ ਰਹੀ ਹੈ। ਅੱਜ ਸਿਹਤ ਵਿਭਾਗ ਦੀ ਟੀਮ ਵਲੋਂ ਖੇੜਾ ਕਲਮੋਟ ਵਿਖੇ ਕੋਵਿਡ ਟੈਸਟਿੰਗ ਕੀਤੀ ਗਈ ਅਤੇ ਲੋਕਾਂ ਨੂੰ ਸਾਵਧਾਨੀਆਂ ਅਪਣਾਉਣ ਜਿਵੇਂ ਕਿ ਵਾਰ ਵਾਰ ਸਾਬਣ ਦਾ ਹੱਥ ਧੋਣਾ, ਆਪਸ ਵਿਚ ਦੂਰੀ ਬਣਾਈ ਰੱਖਣਾ, ਮਾਸਕ ਪਾਉਣ ਆਦਿ ਬਾਰੇ ਪ੍ਰੇਰਿਤ ਕੀਤਾ ਗਿਆ ਹੈ।