ਜਗਦੀਸ਼ ਥਿੰਦ
ਫਾਜਿਲਕਾ, 5 ਜੁਲਾਈ
ਡਿਪਟੀ ਕਮਿਸ਼ਨਰ ਸ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਬਾਹਰਲੇ ਰਾਜਾਂ ਤੋਂ ਯਾਤਰਾ ਕਰ ਕੇ ਸੂਬੇ ਅੰਦਰ ਦਾਖਲ ਹੋਣ ਵਾਲੇ ਵਿਅਕਤੀਆਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਉਨਾਂ ਦੱਸਿਆ ਕਿ ਇਹ ਐਡਵਾਇਜ਼ਰੀ 7 ਜੁਲਾਈ 2020 ਤੋਂ ਲਾਗੂ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਐਡਵਾਇਜ਼ਰੀ ਤਹਿਤ ਕੋਈ ਵੀ ਵਿਅਕਤੀ ਰੋਡ, ਰੇਲ ਜਾਂ ਹਵਾਈ ਯਾਤਰਾ ਰਾਹੀਂ ਪੰਜਾਬ ਵਿੱਚ ਦਾਖਲ ਹੁੰਦਾ ਹੈ ਤਾਂ ਤੁਰੰਤ ਪ੍ਰਭਾਵ ਨਾਲ ਉਸਦੀ ਸਕਰੀਨਿੰਗ ਕੀਤੀ ਜਾਵੇਗੀ ਅਤੇ ਪੰਜਾਬ ਵਿੱਚ ਆਉਣ ਲਈ ਉਸਨੂੰ ਹਰ ਹਾਲਤ ਵਿੱਚ ਈ-ਰਜਿਸਟਰਡ ਹੋਣਾ ਲਾਜ਼ਮੀ ਹੋਵੇਗਾ। ਉਨਾਂ ਦੱਸਿਆ ਕਿ ਆਪਣੇ ਮੋਬਾਇਲ ਵਿੱਚ ਕੋਵਾ ਐਪ ਅਪਲੋਡ ਕਰਕੇ ਉਸ ਵਿੱਚ ਖੁਦ ਨੂੰ ਅਤੇ ਆਪਣੇ ਪਰਿਵਾਰ ਦੇ ਹਰ ਮੈਂਬਰ, ਜੋ ਯਾਤਰਾ ਵਿੱਚ ਸ਼ਾਮਿਲ ਹਨ, ਨੂੰ ਰਜਿਸਟਰ ਕਰਵਾਇਆ ਜਾਵੇ।
ਉਨਾਂ ਦੱਸਿਆ ਕਿ ਇਸ ਉਪਰੰਤ ਈ-ਰਜਿਸਟ੍ਰਸ਼ਨ ਸਲਿੱਪ ਨੂੰ ਡਾਊਨਲੋਡ ਕਰਕੇ ਉਸਨੂੰ ਆਪਣੇ ਵਾਹਨ ਦੀ ਵਿੰਡ ਸਕਰੀਨ ’ਤੇ ਚਿਪਕਾਇਆ ਜਾਵੇ। ਉਨਾਂ ਦੱਸਿਆ ਕਿ ਜੇਕਰ ਵਿਅਕਤੀ ਕਿਸੇ ਪਬਲਿਕ ਟਰਾਂਸਪੋਰਟ, ਰੇਲ ਜਾਂ ਹਵਾਈ ਯਾਤਰਾ ਰਾਹੀਂ ਆ ਰਿਹਾ ਹੈ ਤਾਂ ਉਸਨੂੰ ਇਹ ਸਲਿੱਪ ਆਪਣੇ ਨਾਲ ਰੱਖਣਾ ਲਾਜ਼ਮੀ ਹੋਵੇਗਾ।ਉਨਾਂ ਕਿਹਾ ਕਿ ਇਸ ਸਬੰਧੀ ਖੁਦ ਅਤੇ ਪਰਿਵਾਰ ਨੂੰ ਪੋਰਟਲ http://cova.punjab.gov.in/registration ’ਤੇ ਵੀ ਰਜਿਸਟਰਡ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਬੰਧੀ ਸੂਬੇ ਦੀਆਂ ਹੱਦਾਂ ’ਤੇ ਤਾਇਨਾਤ ਟੀਮਾਂ ਵੱਲੋਂ ਪੁੱਛਗਿੱਛ ਕੀਤਾ ਜਾਵੇਗੀ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਨਾਂ ਟੀਮਾਂ ਨੂੰ ਆਪਣਾ ਪੂਰਾ ਸਹਿਯੋਗ ਦੇਣ ਅਤੇ ਪੁੱਛੇ ਜਾ ਰਹੇ ਡਾਟਾ ਸਬੰਧੀ ਵਿਸਥਾਰ ਨਾਲ ਜਾਣਕਾਰੀ ਮੁਹੱਈਆ ਕਰਵਾਉਣ। ਉਨਾਂ ਕਿਹਾ ਕਿ ਯਾਤਰਾ ਕਰਕੇ ਪੰਜਾਬ ਦਾਖਲ ਹੋਣ ਵਾਲੇ ਵਿਅਕਤੀ ਖੁਦ ਨੂੰ ਘਰ ਵਿੱਚ ਇਕਾਂਤਵਾਸ ਰੱਖਣਗੇ ਅਤੇ ਆਪਣੀ ਰੋਜ਼ਾਨਾ ਦੀ ਸਿਹਤ ਡਿਟੇਲ ਕੋਵਾ ਐਪ ਜਾਂ 112 ਨੰਬਰ ’ਤੇ ਫੋਨ ਕਰਕੇ ਦੱਸਣਗੇ। ਉਨਾਂ ਦੱਸਿਆ ਕਿ ਜੇਕਰ ਉਨਾਂ ਨੂੰ ਕੋਵਿਡ ਸਬੰਧੀ ਕੋਈ ਵੀ ਲੱਛਣ ਮਹਿਸੂਸ ਹੁੰਦਾ ਹੈ ਤਾਂ ਉਹ ਤੁਰੰਤ 104 ਨੰਬਰ ’ਤੇ ਕਾਲ ਕਰਨਗੇ।
ਉਨਾਂ ਦੱਸਿਆ ਕਿ ਅੰਤਰਰਾਸ਼ਟਰੀ ਯਾਤਰਾ ਤੋਂ ਪੰਜਾਬ ਪਰਤੇ ਲੋਕ 7 ਦਿਨਾਂ ਲਈ ਸਿਹਤ ਕੇਂਦਰਾਂ ਵਿੱਚ ਇਕਾਂਤਵਾਸ ’ਚ ਰਹਿਣਗੇ ਅਤੇ ਉਸ ਉਪਰੰਤ 7 ਦਿਨਾਂ ਲਈ ਘਰ ਵਿੱਚ ਇਕਾਂਤਵਾਸ ਰਹਿਣਗੇ। ਉਨਾਂ ਕਿਹਾ ਕਿ ਇਨਾਂ ਨਿਯਮਾਂ ਦੀ ਉਲੰਘਣਾਂ ਕਰਨ ਵਾਲੇ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।