ਜੀ ਐਸ ਪੰਨੂ
ਪਟਿਆਲਾ, 5 ਜੁਲਾਈ 2020 - ਪਟਿਆਲਾ ਸ਼ਹਿਰ ਦੇ ਰਣਜੀਤ ਨਗਰ ਅਤੇ ਵਿਕਾਸ ਨਗਰ ਇਲਾਕੇ ਵਿਚੋਂ ਲੰਘ ਰਹੇ ਸੇਮ ਵਾਲੇ ਨਾਲੇ ਵਿੱਚਲੇ ਗੰਦੇ ਪਾਣੀ ਕਾਰਨ ਲੋਕ ਪ੍ਰੇਸ਼ਾਨ ਹਨ ਅਤੇ ਬਿਮਾਰੀਆਂ ਫੈਲਣ ਦੇ ਡਰ ਦੇ ਸਾਏ ਵਿਚ ਲੋਕ ਰਹਿ ਰਹੇ ਹਨ। ਪਰ ਜ਼ਖਮਾਂ ਤੇ ਲੂਣ ਛਿੜਕਣ ਲਈ ਕਾਰਪੋਰੇਸ਼ਨ ਜਾਂ ਨਹਿਰੀ ਵਿਭਾਗ ਨੇ ਇਸ ਵਿਚੋਂ ਗੰਦ ਕੱਢ ਕੇ ਸੜਕਾਂ ਦੇ ਕੰਢੇ ਤੇ ਉਸ ਦੇ ਢੇਰ ਲੱਗਾ ਦਿੱਤੇ ਹਨ ਜਿਸ ਨਾਲ ਇਲਾਕਾ ਵਾਸੀ ਹੋਰ ਦੁਖੀ ਹੋ ਗਏ ਹਨ।
ਇਸ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਜੇ. ਪੀ. ਸਿੰਘ ਸੂਬਾ ਜ. ਸਕੱਤਰ ਆਮ ਆਦਮੀ ਪਾਰਟੀ ਪਟਿਆਲਾ ਨੇ ਦੱਸਿਆ ਕਿ ਅੱਜ ਇਲਾਕਾ ਵਾਸੀ ਤੇ ਦੁਕਾਨਦਾਰ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਮਿਲੇ। ਉਸੇ ਵੇਲੇ ਹੀ ਉਹ ਆਪਣੇ ਸਾਥੀਆਂ ਨਾਲ ਜਦੋਂ ਉਥੇ ਪਹੁੰਚੇ ਤਾਂ ਉਥੇ ਬਹੁਤ ਸਾਰੇ ਕੂੜੇ ਦੇ ਢੇਰ ਵੇਖਣ ਨੂੰ ਮਿਲੇ ਜੋ ਕਿ ਡੇਂਗੂ ਵਰਗੀਆਂ ਬਿਮਾਰੀਆਂ ਨੂੰ ਸੱਦਾ ਦੇ ਰਹੇ ਸਨ।
ਉੱਥੇ ਮੌਜੂਦ ਦੁਕਾਨਦਾਰਾਂ ਨੇ ਦੱਸਿਆ ਕਿ ਇਹ ਢੇਰ 15 ਦਿਨਾਂ ਤੋਂ ਲੱਗੇ ਹਨ ਪਰ ਪ੍ਰਸ਼ਾਸਨ ਇਨ੍ਹਾਂ ਨੂੰ ਉਠਵਾ ਨਹੀਂ ਰਿਹਾ। ਇੱਕ ਬਰਫ ਵਾਲੇ ਨੇ ਦੱਸਿਆ ਕਿ ਕੁੜੇ ਕਾਰਣ ਉਸ ਦਾ ਬਰਫ ਦਾ ਰੁਜ਼ਗਾਰ ਬੰਦ ਹੋ ਗਿਆ ਹੈ। ਪ੍ਰਿੰਸੀਪਲ ਜੇ. ਪੀ. ਸਿੰਘ ਅਤੇ ਇਲਾਕਾ ਨਿਵਾਸੀਆਂ ਨੇ ਅਪੀਲ ਕੀਤੀ ਕਿ ਕੂੜੇ ਦੇ ਢੇਰ ਤੁਰੰਤ ਚੁਕਵਾਏ ਜਾਣ ਅਤੇ ਕਰੋਨਾ ਮਹਾਂਮਾਰੀ ਦੌਰਾਨ ਇਲਾਕਾ ਨਿਵਾਸੀਆਂ ਦੇ ਮਨਾਂ ਦਾ ਖੌਫ ਦੂਰ ਕੀਤਾ ਜਾਵੇ। ਇਸ ਮੌਕੇ ਡਾ. ਹਰੀ ਚੰਦ ਬਾਂਸਲ, ਵਰਿੰਦਰ ਗੌਤਮ, ਬਿੱਟੂ ਸਿੰਘ, ਲਾਲ ਸਿੰਘ ਅਤੇ ਇਲਾਕਾ ਵਾਸੀ ਮੌਜੂਦ ਸਨ।