ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 5 ਜੁਲਾਈ 2020 - ਬਰਗਾੜੀ ਬੇਅਦਬੀ ਮਾਮਲੇ ਵਿਚ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਸੱਤ ਡੇਰਾ ਪ੍ਰੇਮੀਆਂ ਨੂੰ ਗਿਰਫਤਾਰ ਕਰਕੇ ਬੀਤੇ ਦਿਨ ਅਦਾਲਤ ਵਿਚ ਪੇਸ਼ ਕੀਤਾ ਸੀ ਜਿੱਥੇ ਇਨ੍ਹਾਂ ਵਿਚੋਂ 2 ਦੀ ਗ੍ਰਿਫ਼ਤਾਰੀ ਰੱਦ ਕਰ ਦਿੱਤੀ ਸੀ ਜਦਕਿ 5 ਡੇਰਾ ਪ੍ਰੇਮੀਆਂ ਨੂੰ 2 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਗਿਆ ਸੀ। ਉੱਥੇ ਹੀ ਰਿਮਾਂਡ ‘ਤੇ ਲਏ ਗਏ 5 ਮੁਲਜ਼ਮਾਂ ਵਿਚੋਂ ਅੱਜ ਐਸਆਈਟੀ ਵਲੋਂ ਡੇਰਾ ਪ੍ਰੇਮੀਆਂ ਨੂੰ ਨਿਸ਼ਾਨਦੇਹੀ ਲਈ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਲੈ ਕੇ ਗਈ ਅਤੇ ਫਿਰ ਇਨ੍ਹਾਂ ਨੂੰ ਕੋਟਕਪੂਰਾ ਸਥਿਤ ਡੇਰਾ ਸੱਚਾ ਸੌਦਾ ਦੇ ਨਾਮ ਚਰਚਾ ਘਰ ਲਿਆਂਦਾ ਗਿਆ ਹੈ।
ਜਾਣਕਾਰੀ ਅਨੁਸਾਰ ਹਿਰਾਸਤ ਵਿਚ ਲਏ ਗਏ ਡੇਰਾ ਪ੍ਰੇਮੀਆਂ ਉੱਤੇ ਆਰੋਪ ਹੈ ਕਿ ਇਨ੍ਹਾਂ ਨੇ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕੀਤਾ ਸੀ ਜਿਸ ਤੋਂ ਬਾਅਦ ਉਹ ਇਕ ਕਾਰ ਦੇ ਜਰੀਏ ਸਰੂਪ ਨੂੰ ਕੋਟਕਪੂਰਾ ਦੇ ਨਾਮ ਚਰਚਾ ਘਰ ਵਿਚ ਲੈ ਕੇ ਗਏ ਸਨ ਅਤੇ ਫਿਰ ਇਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪਿੰਡ ਸਿੱਖਾਂਵਾਲਾ ਵਿਚ ਇਕ ਡੇਰਾ ਪ੍ਰੇਮੀ ਦੇ ਘਰ ਰੱਖਿਆ ਸੀ। ਇਸੇ ਦੀ ਨਿਸ਼ਾਨਦੇਹੀ ਲਈ ਪੁਲਿਸ ਪੰਜ ਵਿਚੋਂ ਡੇਰਾ ਪ੍ਰੇਮੀਆਂ ਨੂੰ ਪਿੰਡ ਬੁਰਜ਼ ਜਵਾਹਰ ਸਿੰਘ ਵਾਲਾ ਅਤੇ ਕੋਟਕਪੂਰਾ ਦੇ ਨਾਮ ਚਰਚਾ ਘਰ ਲੈ ਕੇ ਆਈ ਹੈ।
ਹਾਲਾਂਕਿ ਇਸ ਦੌਰਾਨ ਐਸਆਈਟੀ ਦੇ ਮੈਂਬਰਾਂ ਨੇ ਕੋਈ ਵੀ ਬਿਆਨ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ। ਦੱਸ ਦਈਏ ਕਿ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਿਚ ਬਣਾਈ ਗਈ ਐਸਆਈਟੀ ਬੇਅਦਬੀ ਘਟਨਾਵਾਂ ਨਾਲ ਜੁੜੀ ਤਿੰਨ ਐਫ ਆਰ ਆਈ ਵਿਚੋਂ ਪਹਿਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਕਰਨ ਦੇ ਮਾਮਲੇ ਵਿਚ ਜਾਂਚ ਕਰ ਰਹੀ ਹੈ ਜਿਸ ਦੇ ਸੰਬੰਧ ਵਿਚ ਇਨ੍ਹਾਂ ਡੇਰਾ ਪ੍ਰੇਮੀਆਂ ਦੀਆਂ ਗਿਰਫਤਾਰੀਆਂ ਹੋਈਆਂ ਸਨ।