ਅਸ਼ੋਕ ਵਰਮਾ
ਬਠਿੰਡਾ, 7 ਜੁਲਾਈ 2020 - ਬਠਿੰਡਾ ਜ਼ਿਲ੍ਹੇ ’ਚ ਕਿੰਨਰਾਂ ਵੱਲੋਂ ਇੱਥ ਨੌਜਵਾਨ ਦਾ ਗੁਪਤ ਅੰਗ ਵੱਢਣ ਦਾ ਸਨਸਨੀਖੇਜ ਮਾਮਾਲਾ ਸਾਹਮਣੇ ਆਇਆ ਹੈ। ਥਾਣਾ ਸੰਗਤ ਪੁਲਿਸ ਨੇ ਇਸ ਮਾਮਲੇ ’ਚ ਪੰਜ ਜਣਿਆਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇਸ ਮਾਮਲੇ ’ਚ ਪਾਲ ਸਿੰਘ, ਕਾਲੂ ਰਾਮ, ਰਾਜੂ, ਸੰਤੋਸ਼ ਅਤੇ ਪ੍ਰਵੀਨ ਵਾਸੀਅਨ ਗੁਰੂਸਰ ਸੈਣੇਵਾਲਾ ਨੂੰ ਧਾਰਾ 307, 326,323,382, 342, 143 ਤਹਿਤ ਨਾਮਜਦ ਕੀਤਾ ਹੈ। ਮੁਦਈ ਵਿਨੋਦ ਕੁਮਾਰ ਵਾਸੀ ਦਿਆਲਪੁਰ ਕੇਰੀ ਥਾਣਾ ਹਿੰਦੁਮਲਕੋਟ ਜ਼ਿਲ੍ਹਾ ਗੰਗਾਨਗਰ ਨੇ ਥਾਣਾ ਸੰਗਤ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਹੈ ਕਿ ਉਹ ਇਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ । ਉਹ ਆਪਣੇ ਪ੍ਰੀਵਾਰ ਦੇ ਪਾਲਣ ਪੋਸ਼ਣ ਤੇ ਘਰ ਦੇ ਗੁਜਾਰੇ ਖਾਤਰ ਮੰਦਰਾਂ ਆਦਿ ਵਿਚ ਹੋਣ ਵਾਲੇ ਧਾਰਮਿਕ ਸਮਾਗਮਾਂ ’ਚ ਕੰਮ ਕਰਦਾ ਸੀ। ਲਾਕਡਾਊਨ ਲੱਗਣ ਕਾਰਨ ਧਾਰਮਿਕ ਤੇ ਸਮਾਜਿਕ ਕੰਮ ਪੂਰੀ ਤਰ੍ਹਾਂ ਠੱਪ ਹੋਣ ਕਰਕੇ ਉਸ ਨੂੰ ਘਰ ਚਲਾਉਣਾ ਮੁਸ਼ਕਲ ਹੋ ਗਿਆ।
ਮੁਦਈ ਨੇ ਦੱਸਿਆ ਕਿ ਸੰਕਟ ਦੌਰਾਨ ਹੀ ਉਸ ਦਾ ਸੰਪਰਕ ਬਠਿੰਡਾ ਜ਼ਿਲ੍ਹੇ ਦੇ ਸੰਗਤ ਇਲਾਕੇ ’ਚ ਪੈਂਦੇ ਪਿੰਡ ਗੁਰੂਸਰ ਸੈਣੇਵਾਲਾ ’ਚ ਰਹਿੰਦੇ ਕਿੰਨਰਾਂ ਦੇ ਨਾਲ ਸੰਪਰਕ ਹੋਇਆ। ਉਸ ਨੇ ਦੱਸਿਆ ਕਿ ਪਾਲ ਸਿੰਘ, ਕਾਲੂ ਰਾਮ, ਰਾਜੂ, ਸੰਤੋਸ਼ ਅਤੇ ਪ੍ਰਵੀਨ ਇਸ ਗਰੁੱਪ ’ਚ ਸ਼ਾਮਲ ਸਨ ਜਿੰਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਬੱਚਿਆਂ ਦੇ ਜਨਮ, ਵਿਆਹ ਅਤੇ ਹੋਰ ਖੁਸ਼ੀ ਆਦਿ ਦੇ ਸਮਾਗਮਾਂ ’ਚ ਨੱਚ ਗਾ ਕੇ ਵਧੀਆ ਕਮਾਈ ਹੋ ਰਹੀ ਹੈ। ਇਸ ਗਰੁੱਪ ਨੇ ਮੁਦਈ ਨੂੰ ਆਪਣਾ ਧੰਦਾ ਚੰਗਾ ਚੱਲਦਾ ਹੋਣ ਦੀ ਗੱਲ ਆਖੀ ਜਿਸ ਕਰਕੇ ਉਸ ਨੂੰ ਝਾਂਸੇ ’ਚ ਫਸਾ ਲਿਆ। ਉਸ ਨੇ ਦੱਸਿਆ ਕਿ ਉਸ ਨੂੰ ਆਪਣੇ ਨਾਲ ਜੁੁੜਨ ਦੀ ਸੂਰਤ ’ਚ ਰੋਜਾਨਾ ਵਧੀਆ ਕਮਾਈ ਕਰਨ ਅਤੇ ਘਰ ਦੇ ਨਾਲ ਨਾਲ ਬੱਚਿਆਂ ਦਾ ਵਧੀਆ ਪਾਲਣ ਪੋਸ਼ਣ ਹੋਣ ਦੀ ਗੱਲ ਵੀ ਆਖੀ ਗਈ। ਉਨ੍ਹਾਂ ਦੱਸਿਆ ਕਿ ਘਰ ਦੇ ਹਾਲਾਤਾਂ ਨੂੰ ਦੇਖਦਿਆਂ ਅਤੇ ਕੰਮ ਮਿਲਣ ਦੇ ਚੱਕਰ ’ਚ ਉਹ ਪੰਜਾਂ ਦੀਆਂ ਗੱਲਾਂ ਵਿਚ ਆ ਕੇ ਉਹ ਕਿੰਨਰਾਂ ਦੇ ਨਾਲ ਰਲ ਗਿਆ।
ਵਿਨੋਦ ਕੁਮਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇੰਨਾਂ ਲੋਕਾਂ ਨੇ ਰਾਤ ਵੇਲੇ ਉਸ ਨੂੰ ਖਾਣਾ ਖਵਾਇਆ ਜਿਸ ਵਿਚ ਕੋਈ ਨਸ਼ੀਲੀ ਦਵਾਈ ਮਿਲਾਈ ਹੋਈ ਸੀ। ਉਨ੍ਹਾਂ ਦੱਸਿਆ ਕਿ ਬੇਹੋਸ਼ੀ ਦੀ ਹਾਲਤ ’ਚ ਉਨਾਂ ਨੇ ਉਸ ਦਾ ਗੁਪਤ ਅੰਗ ਕੱਟ ਦਿੱਤਾ ਜਿਸ ਦਾ ਪਤਾ ਉਸ ਨੂੰ ਸਵੇਰੇ ਹੋਸ਼ ਆਉਣ ਤੇ ਲੱਗਿਆ। ਉਨ੍ਹਾਂ ਦੱਸਿਆ ਕਿ ਉਹ ਕਿਸੇ ਤਰ੍ਹਾਂ ਇਸ ਗਰੁੱਪ ਦੇ ਚੁੰਗਲ ਵਿਚੋਂ ਨਿਕਲ ਗਿਆ ਅਤੇ ਆਪਣੇ ਨਾਲ ਮੰਦਭਾਗੀ ਘਟਨਾਂ ਦੀ ਸ਼ਿਕਾਇਤ ਪਹਿਲਾਂ ਰਾਜਸਥਾਨ ਦੇ ਥਾਣਾ ਹਿੰਦੂ ਮਲਕੋਟ ਪੁਲਿਸ ਕੋਲ ਕੀਤੀ ਸੀ। ਵਿਨੋਦ ਕੁਮਾਰ ਮੁਤਾਬਕ ਕਿਉਂਕਿ ਵਾਰਦਾਤ ਸੰਗਤ ਥਾਣਾ ਅਧੀਨ ਵਾਪਰੀ ਹੈ ਜਿਸ ਕਰਕੇ ਉਸ ਨੇ ਇੱਕ ਸ਼ਿਕਾਇਤ ਸੰਗਤ ਪੁਲਿਸ ਨੂੰ ਦਿੱਤੀ ਹੈ। ਮਾਮਲੇ ਦੇ ਜਾਂਚ ਅਧਿਕਾਬਰੀ ਸਹਾਇਕ ਥਾਣੇਦਾਰ ਅੰਮ੍ਰਿਤਪਾਲ ਸਿੰਘ ਦਾ ਕਹਿਣਾ ਸੀ ਕਿ ਵਿਨੋਦ ਕੁਮਾਰ ਦੀ ਸ਼ਕਾਇਤ ਦੇ ਅਧਾਰ ਤੇ ਪੰਜ ਮੁਲਜਮਾਂ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਹੋਈ ਪਰ ਇਸ ਵਾਰਦਾਤ ਲਈ ਜਿੰਮੇਵਾਰ ਮੁਲਜਮਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ।