ਚੰਡੀਗੜ੍ਹ, 7 ਜੁਲਾਈ 2020 - ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਲੀਡਰ ਬੀਰ ਦਵਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।
ਉਨ੍ਹਾਂ ਨੇ ਆਪਣੇ ਅਸਤੀਫੇ 'ਚ ਲਿਖਿਆ ਕਿ:
ਅੱਜ 7 ਜੁਲਾਈ 2020ਨੂੰ ਲੁਧਿਆਣਾ ਵਿੱਚ ਇੱਕ ਵੱਡੀ ਪੰਥਕ ਇਕੱਤ੍ਰਤਾ ਹੋਈ ਜਿਸ ਵਿੱਚ ਸਰਦਾਰ ਸੁਖਦੇਵ ਸਿੰਘ ਢੀਂਡਸਾ ਮੈਂਬਰ ਪਾਰਲੀਮੈਂਟ (ਰਾਜ ਸਭਾ ) ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਰਵ ਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ।ਮੈਂ ਸਮੇਤ ਕੁੱਝ ਹੋਰ ਕੋਰ ਕਮੇਟੀ ਮੈਂਬਰ ਅਤੇ ਆਗੂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ), ਪੰਥ ਅਤੇ ਪੰਜਾਬ ਦੇ ਵਡੇਰੇ ਹਿਤਾਂ ਲਈ, ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਵਿਸ਼ੇਸ਼ ਸੱਦੇ ਉੱਤੇ ਇਸ ਇਕੱਠ ਵਿੱਚ ਸ਼ਾਮਲ ਹੋਏ ਸੀ। ਅਸੀਂ ਚਾਹੁੰਦੇ ਸੀ ਕਿ ਇਸ ਇਕੱਠ ਵਿੱਚ ਸ਼ਾਮਲ ਹੋਣ ਲਈ ਜੱਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਸਾਡੀ ਅਗਵਾਈ ਕਰਦੇ, ਪਰ ਉਨ੍ਹਾਂ ਦੀ ਸਿਹਤ ਖਰਾਬ ਹੋਣ ਕਾਰਨ ਅਤੇ ਕੁੱਝ ਹੋਰ ਕਾਰਨਾ ਕਰਕੇ ਅਜੇਹਾ ਸੰਭਵ ਨਹੀਂ ਹੋ ਸਕਿਆ। ਕਿਉਂਕਿ ਨਵਾਂ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਅੱਜ ਬਕਾਇਦਗੀ ਨਾਲ ਹੋਂਦ ਵਿੱਚ ਆ ਗਿਆ ਹੈ, ਅਤੇ ਮੈਂ ਉਨ੍ਹਾਂ ਸਾਰੇ ਪੰਥਕ ਗੁਰਮਤਿਆਂ ਅਤੇ ਪ੍ਰਸਤਾਵਾਨਾਵਾਂ ਵਿੱਚ ਸ਼ਾਮਲ ਹਾਂ ਜੋ ਇਸ ਪੰਥਕ ਇਕੱਠ ਵਿੱਚ ਪਾਸ ਕੀਤੇ ਗਏ। ਇਸ ਲਈ ਰਾਜਨੀਤਕ ਇਖ਼ਲਾਕ ਦੇ ਮੱਦੇਨਜ਼ਰ ਮੈਂ ਅੱਜ ਬਤੌਰ ਸੀਨੀਅਰ ਮੀਤ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਅਤੇ ਹੋਰ ਸਾਰੀਆਂ ਜ਼ਿੰਮੇਵਾਰੀਆਂ ਤੋਂ ਆਪਣਾ ਅਸਤੀਫ਼ਾ ਦੇ ਕੇ ਮੁਸਤਫ਼ੀ ਹੋ ਰਿਹਾ ਹਾਂ ਅਤੇ ਆਪਣੀਆਂ ਅਤੇ ਆਪਣੇ ਸਾਰੇ ਸਾਥੀਆਂ ਦੀਆਂ ਸੇਵਾਵਾਂ, ਸ਼੍ਰੋਮਣੀ ਅਕਾਲੀ ਦਲ ਜਿਸਦੇ ਕਿ ਪ੍ਰਧਾਨ ਅੱਜ ਸਰਦਾਰ ਸੁਖਦੇਵ ਸਿੰਘ ਢੀਂਡਸਾ ਮੈਂਬਰ ਪਾਰਲੀਮੈਂਟ (ਰਾਜ ਸਭਾ ) ਨੂੰ ਚੁਣਿਆ ਗਿਆ ਹੈ, ਉਨ੍ਹਾਂ ਦੇ ਸਪੁਰਦ ਕਰਦਾ ਹਾਂ।
ਮੈਂ ਜੱਥੇਦਾਰ ਰਣਜੀਤ ਸਿੰਘ ਜੀ ਬ੍ਰਹਮਪੁਰਾ (ਸਾਬਕਾ ਮੈਂਬਰ ਪਾਰਲੀਮੈਂਟ) ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦਾ ਧੰਨਵਾਦ ਕਰਦਾ ਹਾਂ ਅਤੇ ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸ ਕਰਦਾ ਹਾਂ।
ਬੀਰ ਦਵਿੰਦਰ ਸਿੰਘ"