ਰਜਨੀਸ਼ ਸਰੀਨ
- ਬਲਾਚੌਰ ਦਾ ਤਹਿਸੀਲਦਾਰ ਵੀ ਪਾਜ਼ੀਟਿਵ ਕੇਸਾਂ 'ਚ ਸ਼ਾਮਿਲ
- ਜ਼ਿਲ੍ਹੇ 'ਚ ਹੁਣ ਤਕ 11516 ਸੈਂਪਲਾਂ ਚੋਂ 10856 ਟੈਸਟਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ
ਨਵਾਂ ਸ਼ਹਿਰ, 7 ਜੁਲਾਈ 2020 - ਜ਼ਿਲ੍ਹੇ 'ਚ ਅੱਜ ਵਿਦੇਸ਼ ਤੋਂ ਆਏ ਦੋ ਵਿਅਕਤੀਆਂ ਸਮੇਤ ਤਿੰਨ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ। ਇਨ੍ਹਾਂ ਪਾਜ਼ੀਟਿਵ ਕੇਸਾਂ 'ਚ ਬਲਾਚੌਰ ਵਿਖੇ ਤਾਇਨਾਤ ਤਹਿਸੀਲਦਾਰ ਚੇਤਨ ਬੰਗੜ ਵੀ ਸ਼ਾਮਿਲ ਹਨ।
ਸਿਵਲ ਸਰਜਨ ਡਾਕਟਰ ਰਾਜਿੰਦਰ ਭਾਟੀਆ ਅਨੁਸਾਰ ਇਨ੍ਹਾਂ ਚੋਂ ਵਿਦੇਸ਼ ਚੋਂ ਆਏ ਦੋਵੇਂ ਵਿਅਕਤੀ ਰਾਇਤ ਕੈੰਪਸ ਵਿਖੇ ਡਿਊਟੀ ਇਕਾਂਤਵਾਸ ਕੀਤੇ ਹੋਏ ਸਨ।
ਉਨ੍ਹਾਂ ਦੱਸਿਆ ਕਿ ਕਲ੍ਹ ਦੇਰ ਰਾਤ 88 ਰਿਪੋਰਟਾਂ ਆਈਆਂ ਜਦਕਿ ਅੱਜ ਸ਼ਾਮ ਆਈਆਂ 15 ਰਿਪੋਰਟਾਂ ਚੋਂ ਉਕਤ ਤਿੰਨ ਕੇਸ ਪਾਜ਼ੀਟਿਵ ਪਾਏ ਗਏ।
ਡਾਕਟਰ ਭਾਟੀਆ ਅਨੁਸਾਰ ਅੱਜ ਆਏ ਤਿੰਨ ਪਾਜ਼ੀਟਿਵ ਮਾਮਲਿਆਂ ਚੋਂ ਇਕ ਚੰਡੀਗੜ੍ਹ ਚ ਗਿਣਿਆ ਜਾਵੇਗਾ ਅਤੇ ਬਾਕੀ ਦੋ ਜ਼ਿਲ੍ਹੇ ਦੀ ਪਾਜ਼ਿਟਿਵ ਸੂਚੀ ਚ ਸ਼ਾਮਿਲ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਅੱਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਤੋ ਇਕ ਮਰੀਜ਼ ਨੂੰ ਸਿਹਤਯਾਬੀ ਬਾਅਦ ਇੱਕ ਹਫ਼ਤੇ ਦੇ ਘਰੇਲੂ ਇਕਾਂਤਵਾਸ ਚ ਭੇਜਣ ਬਾਅਦ ਹੁਣ ਜ਼ਿਲ੍ਹੇ ਚ ਕੁਲ 37 ਐਕਟਿਵ ਕੇਸ ਰਹਿ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਚ 177 ਪਾਜ਼ੀਟਿਵ ਮਾਮਲੇ ਆਏ ਹਨ, ਜਿਨ੍ਹਾਂ ਚੋਂ ਇਕ ਵਿਅਕਤੀ ਦੀ ਸ਼ੁਰੂਆਤ ਚ ਹੀ ਮੌਤ ਹੋ ਗਈ ਸੀ ਜਦਕਿ 139 ਸਿਹਤਯਾਬ ਹੋ ਕੇ ਘਰ ਜਾ ਚੁੱਕੇ ਹਨ।
ਜ਼ਿਲ੍ਹਾ ਐਪੀਡੀਮੋਲੋਜਿਸਟ ਡਾਕਟਰ ਜਗਦੀਪ ਨੇ ਦੱਸਿਆ ਕਿ ਹੁਣ ਤੱਕ 11516 ਸੈਂਪਲ ਲਏ ਗਏ ਹਨ, ਜਿਨ੍ਹਾਂ ਚੋਂ 10856 ਨੈਗੇਟਿਵ ਆਏ ਹਨ ਜਦਕਿ ਅੱਜ ਲਏ ਗਏ 240 ਸੈਂਪਲਾਂ ਸਮੇਤ 436 ਦੀ ਰਿਪੋਰਟ ਬਕਾਇਆ ਹੈ।