- ਇਹ ਟੀਮ ਨੌਜਵਾਨਾਂ ਲਈ ਪ੍ਰੇਰਣਾ ਸਰੋਤ: ਅਨਿਲ ਜੋਸ਼ੀ
ਚੰਡੀਗੜ੍ਹ, 7 ਜੁਲਾਈ 2020 - ਕੋਰੋਨਾ ਮਹਾਂਮਾਰੀ ਦੌਰਾਨ 8500 ਤੋਂ ਵੱਧ ਜ਼ਰੂਰਤਮੰਦ ਪਰਿਵਾਰਾਂ ਨੂੰ ਜਰੂਰੀ ਰਾਸ਼ਨ ਵਸਤੂਆਂ ਮੁਹੱਈਆ ਕਰਵਾਉਣ, ਐਮਰਜੈਂਸੀ ਦੌਰਾਨ ਮਰੀਜ਼ਾਂ ਨੂੰ ਖੂਨਦਾਨ ਕਰਨ ਵਾਲੇ ਪ੍ਰਬੰਧ ਮੁਹੱਈਆ ਕਰਾਉਣ, ਫਰੰਟਲਾਈਨ ਕੋਰੋਨਾ ਵਾਰੀਅਰ ਨੂੰ ਮਾਸਕ ਅਤੇ ਹੈਂਡ ਸੈਨੀਟਾਈਜ਼ਰ ਅਤੇ ਫੇਸ ਸ਼ੀਲਡ ਵੰਡਣ ਕਾਰਨ ਅੱਜ ਸਾਬਕਾ ਕੈਬਨਿਟ ਮੰਤਰੀ ਪੰਜਾਬ ਅਨਿਲ ਜੋਸ਼ੀ ਨੇ 'ਯੂਅਰ ਬਲੱਡ ਕੈਨ ਸੇਵ ਲਾਈਫ’ ਸੰਸਥਾ ਦੇ ਟੀਮ ਮੈਂਬਰਾਂ ਨੂੰ ਸਨਮਾਨਤ ਕੀਤਾ।
ਜੋਸ਼ੀ ਨੇ ਕਿਹਾ ਕਿ ਸ਼ਹਿਰ ਦੇ ਵੱਡੇ ਖੇਤਰ 'ਚ ਹੈਂਡ ਸੈਨੀਟਾਈਜ਼ਰ ਵੰਡ ਕੇ ਸੰਸਥਾ ਦੇ ਮੈਂਬਰਾਂ ਨੇ ਲੋਕਾਂ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾਇਆ ਹੈ ਅਤੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਹੈ। ਰੁਟੀਨ ਵਿੱਚ ਜਦੋਂ ਵੀ ਮਰੀਜ਼ ਨੂੰ ਸੰਗਠਨ ਵੱਲੋਂ ਖੂਨ ਦੀ ਲੋੜ ਪਈ, ਤਾਂ ਸੰਸਥਾ ਵੱਲੋਂ ਖੂਨਦਾਨ ਵੇਲੇ ਦਿਨ ਜਾਂ ਰਾਤ ਦੇਖੇ ਬਿਨਾਂ ਹਰ ਸੰਭਵ ਸਹਾਇਤਾ ਦੇਣ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਕਿਹਾ ਕਿ ਉਹ ਸੰਸਥਾ ਵੱਲੋਂ ਕੀਤੇ ਜਾ ਰਹੇ ਇਨ੍ਹਾਂ ਸਾਰੇ ਕਾਰਜਾਂ ਲਈ ਸਮੂਹ ਦੀ ਨੌਜਵਾਨ ਟੀਮ ਮੈਂਬਰਾਂ ਦੀ ਸ਼ਲਾਘਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਨੌਜਵਾਨ ਟੀਮ ਅੱਜ ਦੇ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਹੈ। ਇਸ ਮੌਕੇ ਰਿਸ਼ੀ ਅਬਰੋਲ, ਪਾਰਸ ਜੋਸ਼ੀ, ਨਿਤਿਨ ਮਹੇਂਦਰੂ, ਅਖਿਲੇਸ਼ ਜੋਸ਼ੀ, ਭੁਵੇਸ਼ ਮਹਿਰਾ, ਅਰਵੀ ਮਹਿਤਾ, ਮੋਹਿਤ ਸ਼ਰਮਾ, ਰਿਜੁਲ ਅਰੋੜਾ, ਵਿਸ਼ੂ ਅਬਰੋਲ, ਰਜਤ ਕਪੂਰ ਆਦਿ ਹਾਜ਼ਰ ਸਨ।