ਅਸ਼ੋਕ ਵਰਮਾ
ਬਠਿੰਡਾ, 7 ਜੁਲਾਈ 2020 - ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਅਤੇ ਕੰਟਰੈਕਟ ਮਲਟੀਪਰਪਜ਼ (ਫੀਮੇਲ) ਯੂਨੀਅਨ ਪੰਜਾਬ ਵੱਲੋਂ ਬਣਾਈ ‘ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ‘ ਦੇ ਸੱਦੇ ਤੇ ਸਿਵਲ ਹਸਪਤਾਲ ਬਠਿੰੰਡਾ ’ਚ ਪ੍ਰਧਾਨ ਗਗਨਦੀਪ ਸਿੰਘ ਦੀ ਅਗਵਾਈ ਵਿਚ ਰੋਸ ਮੁਜਾਹਰਾ ਕੀਤਾ ਅਤੇ ਸਿਹਤ ਮੰਤਰੀ ਪੰਜਾਬ ਨੂੰ ਸਿਵਲ ਸਰਜਨ ਰਾਹੀਂ ਮੰਗ ਪੱਤਰ ਭੇਜ ਕੇ ਆਪਣੇ ਮਸਲਿਆਂ ਦਾ ਹੱਲ ਕਰਨ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਿਹਤ ਮਹਿਕਮੇ ਵਿਚ ਕੰਮ ਕਰਦੇ ਸਿਹਤ ਕਾਮਿਆਂ ਨੂੰ ਅੱਖੋਂ ਪਰੋਖੇ ਕਰਕੇ ਬਦਲਵੇਂ ਢੰਗ ਤਰੀਕਿਆਂ ਨਾਲ ਮਹਿਕਮਾ ਪੱਕੀ ਭਰਤੀ ਕਰ ਰਿਹਾ ਹੈ, ਜਦੋਂਕਿ 12-12 ਸਾਲ ਤੋਂ ਸਿਹਤ ਮਹਿਕਮੇ ’ਚ ਕੰਮ ਕਰਦੀਆਂ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਆਪਣੀਆਂ ਮੰਗਾਂ ਮੰਨਣ ਦੀ ਆਸ ’ਚ ਹਨ। ਉਨ੍ਹਾਂ ਦੱਸਿਆ ਕਿ ਮਲਟੀਪਰਪਜ਼ ਹੈਲਥ ਵਰਕਰਾਂ ਨੇ ਹਰ ਤਰਾਂ ਦੇ ਟੀਕਾਕਰਨ ਤੋਂ ਲੈ ਕੇ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਹਨ ਜਿਸ ਨੂੰ ਲੈਕੇ ਲੋਕ ਸਰਕਾਰ ਦੀ ਸ਼ਲਾਘਾ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਮੁਲਾਜ਼ਮਾਂ ਨੇ ਵੱਡੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਇਸ ਦੇ ਬਾਵਜੂਦ ਅੱਖੋਂ ਪਰੋਖੇ ਕਰਨਾ ਸਮਝ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਉਨਾਂ ਦਾ ਸਨਮਾਨ ਕਰਨਾ ਚਾਹੁੰਦੀ ਹੈ ਤਾਂ ਉਨ੍ਹਾਂ ਦੀਆਂ ਸੇਵਾਵਾਂ ਪੱਕੀਆਂ ਕਰੇ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਕੱਚੇ ਮੁਲਾਜਮ ਰੈਗੂਲਰ ਨਹੀਂ ਕੀਤੇ ਜਾਂਦੇ ਸੰਘਰਸ਼ ਜਾਰੀ ਰੱਖਿਆ ਜਾਏਗਾ। ਆਗੂਆਂ ਨੇ ਐੱਨਐੱਚਐੱਮ, 2211 ਅਤੇ ਠੇਕਾ ਅਧਾਰਤ ਮਲਟੀਪਰਪਜ਼ ਹੈਲਥ ਵਰਕਰਾਂ ਨੂੰ ਪੱਕੇ ਕਰਨ, 1263 ਮਲਟੀਪਰਪਜ਼ ਹੈਲਥ ਵਰਕਰ ਮੇਲ ਦਾ ਪ੍ਰਵੇਸ਼ਨ ਪੀਰੀਅਡ 2 ਸਾਲ ਕਰਨ ਅਤੇ ਕੋਵਿਡ-19 ਦੌਰਾਨ ਮਲਟੀਪਰਪਜ਼ ਕਾਮਿਆਂ ਵਲੋਂ ਨਿਭਾਈ ਭੂਮਿਕਾ ਬਦਲੇ ਸਮੁੱਚੇ ਕੇਡਰ ਨੂੰ ਸਪੈਸ਼ਲ ਇੰਕਰੀਮੈਂਟ ਦੇਣ ਦੀ ਮੰਗ ਕੀਤੀ ਹੈ। ਇਸ ਮੌਕੇ ਜਸਵਿੰਦਰ ਸ਼ਰਮਾ, ਵੀਰਪਾਲ ਕੌਰ, ਹਰਜਿੰਦਰ ਕੌਰ, ਮਨਜੀਤ ਕੌਰ, ਰਾਮ ਕੁਮਾਰੀ, ਰਵਨੀਤ ਕੌਰ, ਅਮਰਜੀਤ ਕੌਰ, ਪਰਮਿੰਦਰ ਕੌਰ, ਗੁਰਜੀਤ ਸਿੰਘ ਤਲਵੰਡੀ, ਰਾਜੇਸ਼ ਕੁਮਾਰ ਮੌੜ, ਰਾਜਵਿੰਦਰ ਸਿੰਘ ਅਤੇ ਜਸਮੀਨ ਕੌਰ, ਆਦਿ ਆਗੂ ਹਾਜਰ ਸਨ।