ਲੁਧਿਆਣਾ : ਫਿਰੌਤੀ ਨਾ ਮਿਲਣ ‘ਤੇ ਨਾਬਾਲਿਗ ਦਾ ਕਤਲ, ਦੋ ਕਾਬੂ
ਸੰਜੀਵ ਸੂਦ
ਲੁਧਿਆਣਾ, 8 ਜੁਲਾਈ 2020 ; ਲੁਧਿਆਣਾ ਦੇ ਜਲੰਧਰ ਬਾਈਪਾਸ ਨੇੜੇ ਮਲਹੋਤਰਾ ਰਿਜ਼ੋਰਟ ਕੋਲ ਅੱਜ ਇੱਕ 16 ਸਾਲ ਦੇ ਨਾਬਾਲਿਗ ਨੂੰ ਅਗਵਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ। 50 ਹਜ਼ਾਰ ਰੁਪਏ ਦੇ ਫਿਰੌਤੀ ਮੰਗੀ ਗਈ ਸੀ ਜਿਸ ਸਬੰਧੀ ਮਾਪਿਆਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਪੁਲਿਸ ਨੇ ਪੂਰਾ ਜਾਲ ਵਿਛਾ ਕੇ 2 ਮੁਲਜ਼ਮਾਂ ਨੂੰ ਤਾਂ ਗ੍ਰਿਫਤਾਰ ਕਰ ਲਿਆ ਪਰ ਗ੍ਰਿਫਤਾਰੀ ਤੋਂ ਬਾਅਦ ਵੀ ਬੱਚੇ ਨੂੰ ਨਹੀਂ ਬਚਾ ਸਕੇ। ਅੱਗੇ ਦੇਰ ਸ਼ਾਮ ਉਸ ਦੀ ਲਾਸ਼ ਹੁਸੈਨਪੁਰ ਏਰੀਆ ਤੋਂ ਬਰਾਮਦ ਹੋਈ।ਪੁਲਿਸ ਨੇ ਅਫਸੋਸ ਜਤਾਇਆ ਅਤੇ ਪਰਿਵਾਰ ਦਾ ਇਸ ਮੌਕੇ ਰੋ ਰੋ ਕੇ ਬੁਰਾ ਹਾਲ ਸੀ।
ਲੁਧਿਆਣਾ ਦੇ ਜਲੰਧਰ ਬਾਈਪਾਸ ਨੇੜੇ ਰਹਿਣ ਵਾਲੇ 16 ਸਾਲ ਦੇ ਪ੍ਰੀਤ ਵਰਮਾ ਅੱਜ ਸਵੇਰ ਤੋਂ ਹੀ ਆਪਣੇ ਘਰ ਤੋਂ ਲਾਪਤਾ ਸੀ ਜਿਸਦੀ ਰਿਪੋਰਟ ਪੁਲਿਸ ਕੋਲ ਪਰਿਵਾਰਕ ਮੈਂਬਰਾਂ ਨੇ ਕੀਤੀ ਅਤੇ ਪਰਿਵਾਰਕ ਮੈਂਬਰਾਂ ਨੂੰ ਪ੍ਰੀਤ ਦੇ ਹੀ ਫੋਨ ਤੋਂ ਵੀ ਕਾਲ ਆਈ ਅਤੇ 50 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ ਐੱਚ ਓ ਮੁੱਖਪਾਲ ਕ੍ਰਿਸ਼ਨ ਨੇ ਦੱਸਿਆ ਕਿ ਪੁਲਿਸ ਨੂੰ ਪਰਿਵਾਰ ਵੱਲੋਂ ਮਿਲੀ ਸ਼ਿਕਾਇਤ ਤੋਂ ਬਾਅਦ ਜਾਲ ਵਿਛਾ ਕੇ 2 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਪਰ ਉਹ ਬੱਚੇ ਨੂੰ ਨਹੀਂ ਬਚਾ ਪਾਏ।ਐਸਐਚਓ ਨੇ ਕਿਹਾ ਕਿ ਅਗਵਾਕਰ ਪਹਿਲਾਂ ਹੀ ਪ੍ਰੀਤ ਦਾ ਕਤਲ ਕਰ ਚੁੱਕੇ ਸਨ। ਉੱਧਰ ਪ੍ਰੀਤ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਕੋਲੋਂ ਫਿਰੌਤੀ ਦੀ ਮੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਪੁਲਿਸ ਚ ਸ਼ਿਕਾਇਤ ਕੀਤੀ ਗਈ।ਪ੍ਰੀਤ ਦੀ ਜਾਨ ਅਗਵਾਕਾਰਾਂ ਨੇ ਲੈ ਲਈ। ਹੁਣ ਬੱਚੇ ਦਾ ਕਤਲ ਫਿਰੌਤੀ ਮੰਗਣ ਤੋਂ ਪਹਿਲਾਂ ਹੋਇਆ ਹੈ ਜਾਂ ਬਾਅਦ ਵਿੱਚ ਇਹ ਜਾਂਚ ਦਾ ਵਿਸ਼ਾ ਹੈ ਪਰ ਸਮਾਂ ਰਹਿੰਦਿਆਂ ਜੇਕਰ ਪਰਿਵਾਰ ਪੁਲਿਸ ਨੂੰ ਜਾਣਕਾਰੀ ਦੇ ਦਿੰਦਾ ਤੇ ਪੁਲਿਸ ਆਪਣੀ ਤਫ਼ਤੀਸ਼ ਨੂੰ ਹੋਰ ਤੇਜ਼ੀ ਨਾਲ ਕਰਦੀ ਤਾਂ ਉਸ ਮਾਸੂਮ ਦੀ ਜਾਨ ਬਚਾਈ ਜਾ ਸਕਦੀ ਸੀ। ਇਸ ਵਿੱਚ ਪੁਲਿਸ ਦੀ ਕਾਰਗੁਜ਼ਾਰੀ ਵੀ ਸਵਾਲਾਂ ਦੇ ਘੇਰੇ ਵਿੱਚ ਹੈ।