ਯਾਦਵਿੰਦਰ ਸਿੰਘ ਤੂਰ
ਚੰਡੀਗੜ੍ਹ, 8 ਜੁਲਾਈ 2020 - ਹਰ ਪਾਸਿਉਂ ਟੁੱਟੇ ਮਹਿਸੂਸ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਚੰਡੀਗੜ੍ਹ ਦੇ ਪੀ.ਜੀ.ਆਈ 'ਚ ਪ੍ਰੈੱਸ ਕਾਨਫਰੰਸ ਬੁਲਾ ਕੇ ਆਪਣੇ ਦੁੱਖੜੇ ਰੋਏ। ਮੰਗਲਵਾਰ ਨੂੰ ਲੁਧਿਆਣਾ 'ਚ ਭਾਰੀ ਇਕੱਠ ਕਰਕੇ ਆਪਣੀ ਵੱਖਰੀ ਪਾਰਟੀ ਦਾ ਐਲਾਨ ਕਰਨ ਵਾਲੇ ਉਨ੍ਹਾਂ ਦੇ ਆਪਣੇ ਅਕਾਲੀ ਸਾਥੀ ਸੁਖਦੇਵ ਸਿੰਘ ਢੀਂਡਸਾ 'ਤੇ ਬ੍ਰਹਮਪੁਰਾ ਨੇ ਇਤਰਾਜ਼ ਜਤਾਏ ਅਤੇ ਇਸ ਸਭ ਬਾਰੇ ਓਹਲਾ ਰੱਖਣ ਦੇ ਦੋਸ਼ ਵੀ ਲਾਏ। ਬ੍ਰਹਮਪੁਰਾ ਪ੍ਰੈੱਸ ਨਾਲ ਗੱਲ ਕਰਦੇ ਕਰਦੇ ਭਾਵੁਕ ਹੋ ਗਏ ਅਤੇ ਪਾਰਟੀ ਪ੍ਰਤੀ ਆਪਣੇ ਵੱਲੋਂ ਕੀਤੀਆਂ ਕੁਰਬਾਨੀਆਂ ਗਿਣਵਾਈਆਂ। ਭਰੇ ਮਨ ਨਾਲ ਬ੍ਰਹਮਪੁਰਾ ਨੇ ਕਿਹਾ ਕਿ, "ਵੱਡੇ ਬਾਦਲ ਸਾਬ੍ਹ ਤੋਂ ਬਾਅਦ ਜੇਕਰ ਕੋਈ ਨਾਂਅ ਅਕਾਲੀਦਲ 'ਚ ਆਉਂਦਾ ਤਾਂ ਉਹ ਬ੍ਰਹਮਪੁਰਾ ਦਾ ਆਉਂਦਾ ਹੈ, ਇਸ ਬਾਰੇ ਉਹ ਆਪਣੀ ਪਿੱਠ ਆਪ ਨਹੀਂ ਥਾਪੜ ਰਹੇ ਸਗੋਂ ਇਹ ਗੱਲ ਹਰ ਮੀਟਿੰਗ 'ਚ ਵੱਡੇ ਬਾਦਲ ਖੁਦ ਕਹਿੰਦੇ ਰਹੇ ਨੇ, ਜਿਹੜੀਆਂ ਮੀਟਿੰਗਾਂ 'ਚ ਢੀਂਡਸਾ ਸਾਬ੍ਹ, ਕੈਪਟਨ ਕੰਵਲਜੀਤ ਸਿੰਘ ਤੇ ਹੋਰ ਵੀ ਸਾਰੇ ਸੀਨੀਅਰ ਆਗੂ ਮੌਜੂਦ ਰਹਿੰਦੇ ਸੀ।"
ਬ੍ਰਹਮਪੁਰਾ ਨੇ ਆਪਣੇ ਆਪ ਨੂੰ ਅਣਗੌਲਿਆ ਕੀਤੇ ਜਾਣ 'ਤੇ ਸਖ਼ਤ ਨਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸੁਖਦੇਵ ਸਿੰਘ ਢੀਂਡਸਾ ਨੂੰ ਅਕਾਲੀ ਦਲ ਟਕਸਾਲੀ 'ਚ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ ਸੀ ਤੇ ਕਦੇ ਵੀ ਕਿਸੇ ਅਹੁਦੇ ਬਾਰੇ ਕੋਈ ਗੱਲ 'ਤੇ ਇਤਰਾਜ਼ ਨਹੀਂ ਸੀ ਜਤਾਇਆ। ਬ੍ਰਹਮਪੁਰਾ ਨੇ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਵਾਈਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਬੀਰ ਦਵਿੰਦਰ ਸਿੰਘ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਬੀਰ ਦਵਿੰਦਰ ਸਿੰਘ ਦਾ ਫੋਨ ਆਇਆ ਸੀ ਕਿ ਕੀ ਉਹ ਵੱਡੇ ਢੀਂਡਸਾ ਨੂੰ ਮਿਲ ਆਉਣ? ਤੇ ਉਸ ਤੋਂ ਬਾਅਦ ਉਹ ਪੰਜਾਬ 'ਚ ਇੱਕ ਨਵੀਂ ਪਾਰਟੀ ਦਾ ਐਲਾਨ ਹੋਇਆ ਹੀ ਸੁਣਦੇ ਨੇ।
ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਉਨ੍ਹਾਂ ਦੁਆਰਾ ਅਕਾਲੀ ਦਲ ਟਕਸਾਲੀ ਪਾਰਟੀ ਦੀ ਅਕਾਲ ਤਖਤ ਸਾਹਿਬ 'ਤੇ ਜਾ ਕੇ ਸ਼ੁਰੂਆਤ ਕੀਤੀ ਗਈ ਸੀ ਤਾਂ ਜੋ ਉਹ ਪੰਜਾਬ 'ਚ ਚੱਲ ਰਹੇ ਪਰਿਵਾਰਵਾਦ ਨੂੰ ਪਾਸੇ ਕਰਨ ਅਤੇ ਲੋਕਾਂ ਲਈ ਚੰਗਾ ਬਦਲ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਪਰ ਹੁਣ ਢੀਂਡਸਾ ਸਾਬ੍ਹ ਆਪੇ ਹੀ ਅਕਾਲੀ ਦਲ ਦਾ ਪ੍ਰਧਾਨ ਬਣ ਗਏ ਅਤੇ ਉਸ 'ਚ ਵੀ ਉਹ ਆਪਣੇ ਮੁੰਡੇ ਨੂੰ ਵਜ਼ੀਰ ਬਣਾਉਣ ਦੀ ਵਿਉਂਤਾਂ ਬਣਾ ਰਹੇ ਨੇ।
ਬ੍ਰਹਮਪੁਰਾ ਨੇ ਕਿਹਾ ਕਿ ਅਸਲ ਅਕਾਲੀ ਦਲ ਪਾਰਟੀ ਉਹੀ ਹੈ, ਜਿਸਦੇ ਸੁਖਬੀਰ ਬਾਦਲ ਪ੍ਰਧਾਨ ਨੇ ਅਤੇ ਢੀਂਡਸਾ ਵੱਲੋਂ ਆਪਣੇ ਆਪ ਨੂੰ ਅਕਾਲੀ ਦਲ ਦਾ ਪ੍ਰਧਾਨ ਐਲਾਨਣਾ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ, ਉਨ੍ਹਾਂ ਦੀ ਸਮਝ ਤੋਂ ਪਰ੍ਹੇ ਹੈ ਕਿ ਆਖ਼ਰ ਸੁਖਦੇਵ ਸਿੰਘ ਢੀਂਡਸਾ ਸਾਬਿਤ ਕੀ ਕਰਨਾ ਚਾਹੁੰਦੇ ਨੇ।
ਪੀ.ਜੀ.ਆਈ 'ਚ ਦਾਖਲ ਸੀਨੀਅਰ ਅਕਾਲੀ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਰਾਜਨੀਤਿਕ ਹਾਲਤ ਇਸ ਵਕਤ ਵਾਕਿਆ ਹੀ ਖ਼ਰਾਬ ਹੋ ਗਈ ਜਾਪਦੀ ਹੈ। ਕਿਉਂਕਿ ਜਿਸ ਜੋਸ਼ ਤੇ ਉਤਸ਼ਾਹ ਨਾਲ ਉਨ੍ਹਾਂ ਦੁਆਰਾ ਅਕਾਲੀ ਦਲ ਟਕਸਾਲੀ ਪਾਰਟੀ ਨੂੰ ਬਾਦਲ ਪਰਿਵਾਰ 'ਤੇ ਹਾਵੀ ਕੀਤਾ ਜਾਪ ਰਿਹਾ ਸੀ, ਹੁਣ ਉਹ ਸਾਰਾ ਜੋਸ਼ ਠੰਢਾ ਹੋਇਆ ਜਾਪ ਰਿਹਾ ਹੈ। ਇੱਕ ਪਾਸੇ ਵੱਡੇ ਢੀਂਡਸਾ ਨੂੰ ਆਪਣੇ ਨਾਲ ਰਲਾੳਣ ਦੀਆਂ ਗੱਲਾਂ ਸਾਹਮਣੇ ਆਈਆਂ ਸੀ, ਪਰ ਅੱਜ ਬ੍ਰਹਮਪੁਰਾ ਦੇ ਖੁਦ ਨਾਲੋਂ ਹੀ ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀਆਂ ਨੀਹਾਂ ਰੱਖਣ ਵਾਲੇ ਸੀਨੀਅਰ ਆਗੂ ਛਾਲ ਮਾਰ ਕੇ ਸੁਖਦੇਵ ਦਿੰਘ ਢੀਂਡਸਾ ਦੀ ਕਾਰ 'ਚ ਬੈਠ ਗਏ। ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ 'ਚ ਪੰਜਾਬ ਦੀ ਰਾਜਨੀਤੀ ਹੋਰ ਕਿਹੜੇ ਨਵੇਂ ਰੰਗ ਵਿਖਾਉਂਦੀ ਹੈ।