ਫਤਹਿਗੜ੍ਹ ਸਾਹਿਬ ਵਿਖੇ ਬਾਬੂਸ਼ਾਹੀ ਨਾਲ ਗੱਲਬਾਤ ਕਰਦੇ ਹੋਏ ਇਲਾਕਾ ਨਿਵਾਸੀ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ, 09 ਜੁਲਾਈ : ਕੋਰੋਨਾ ਮਹਾਂਮਾਰੀ ਦੇ ਬਾਵਜੂਦ ਸਰਹਿੰਦ-ਫ਼ਤਹਿਗੜ੍ਹ ਸਾਹਿਬ ਵਿਖੇ ਲਗਾਤਾਰ ਕੀਤੇ ਜਾ ਰਹੇ ਵਿਕਾਸ ਕਾਰਜਾਂ ਸਬੰਧੀ ਇਲਾਕਾ ਵਾਸੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਦਾ ਧੰਨਵਾਦ ਕੀਤਾ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜਿੱਥੇ ਪੰਜਾਬ ਸਰਕਾਰ ਕੋਰੋਨਾ ਨੂੰ ਮਾਤ ਦੇਣ ਲਈ ਦਿਨ ਰਾਤ ਕਰ ਕੇ ਕੰਮ ਕਰ ਰਹੀ ਹੈ, ਉਥੇ ਵਿਕਾਸ ਕਾਰਜ ਵੀ ਲਗਾਤਾਰ ਜਾਰੀ ਹਨ। ਬੀਤੇ ਦਿਨ ਸ਼ਹਿਰ ਦੀ ਸੁੰਦਰਤਾ ਤੇ ਪੁਰਾਤਨ ਇਮਾਰਤਾਂ ਦੀ ਸੰਭਾਲ ਲਈ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ 14 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖ ਕੇ ਨਾਲ ਦੀ ਨਾਲ ਕੰਮ ਵੀ ਸ਼ੁਰੂ ਕਰਵਾਇਆ ਗਿਆ ਹੈ।
ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਦੀ ਮਿਹਨਤ ਸਦਕਾ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ 05 ਕਿਲੋਮੀਟਰ ਘੇਰੇ ਵਿਚਲੀਆਂ ਸੜਕਾਂ ਨੂੰ ਚੌੜਾ ਕੀਤਾ ਗਿਆ ਹੈ ਜਾਂ ਚਹੁੰ ਮਾਰਗੀ ਕੀਤਾ ਗਿਆ ਹੈ। ਇਸ ਦੇ ਨਾਲ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਘੇਰੇ ਵਿਚਲੀਆਂ ਸੜਕਾਂ ਦੀ ਵਿਸ਼ੇਸ਼ ਮੁਰੰਮਤ ਕਰਵਾਈ ਗਈ ਹੈ । ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਤੋਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ ਜਾਂਦੀ ਸੜਕ ਨੂੰ 33 ਫੁੱਟ ਚੌੜਾ ਕਰ ਕੇ ਉਸ ਦੀ ਨੁਹਾਰ ਬਦਲੀ ਗਈ ਹੈ। ਚਾਵਲਾ ਚੌਕ ਜੀ.ਟੀ.ਰੋਡ ਤੋਂ ਚਾਰ ਨੰਬਰ ਚੁੰਗੀ-ਜੋਤੀ ਸਰੂਪ ਮੋੜ-ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਤੋਂ ਭੈਰੋਂਪੁਰ ਬਾਈਪਾਸ ਤੱਕ ਦੀ ਸੜਕ ਨੂੰ 21 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਚਹੁੰ ਮਾਰਗੀ ਕੀਤਾ ਜਾ ਰਿਹਾ ਹੈ। ਸਰਹਿੰਦ ਚੋਅ ਨੂੰ ਪੱਕਾ ਕਰ ਕੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਹੱਲ ਕੀਤੀ ਗਈ ਹੈ ਤੇ ਹੁਣ ਸਰਹਿੰਦ ਚੋਅ ਦੀ ਚੈਨੇਲਾਈਜ਼ੇਸ਼ਨ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਸ ਉਤੇ ਦੋ ਪੁੱਲ ਵੀ ਬਣਾਏ ਜਾ ਰਹੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ 10 ਕਰੋੜ ਰੁਪਏ ਖਰਚ ਕੇ ਜੱਚਾ ਬੱਚਾ ਹਸਪਤਾਲ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਤੇ ਨਾਲ ਨਾਲ ਹੀ ਔਰਤਾਂ ਦੀ ਸਹੂਲਤ ਲਈ ਵਨਸਟਾਪ ਸੈਂਟਰ ਵੀ ਤਿਆਰ ਹੋਣ ਵਾਲਾ ਹੈ। ਇਤਿਹਾਸਕ ਆਮ ਖਾਸ ਬਾਗ ਵਿਖੇ ਕਈ ਕਰੋੜ ਦੀ ਲਾਗਤ ਨਾਲ ਮੌਲਸਰੀ ਰੈਸਟੋਰੈਂਟ ਦਾ ਨਵ ਨਿਰਮਾਣ ਜੰਗੀ ਪੱਧਰ ਉਤੇ ਜਾਰੀ ਹੈ ਅਤੇ ਸ਼ਹਿਰ ਵਿੱਚ ਕਰੀਬ 100 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਪਾਉਣ, ਸਟਰੀਟ ਲਾਈਟਾਂ ਲਾਉਣ ਤੇ ਗਲੀਆਂ ਵਿੱਚ ਇੰਟਰਲੌਕ ਟਾਈਲਾਂ ਲਾਉਣ ਦਾ ਕੰਮ ਵੀ ਜੰਗੀ ਪੱਧਰ ਉਤੇ ਜਾਰੀ ਹੈ। ਇਸ ਦੇ ਨਾਲ ਨਾਲ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਵੀ ਵਿਸ਼ੇਸ਼ ਸਕੀਤ ਅਧੀਨ ਕੰਮ ਚੱਲ ਰਿਹਾ ਹੈ।ਸ਼ਹਿਰ ਨੂੰ ਦਹਾਕਿਆਂ ਬਾਅਦ ਨਵਾਂ ਬੱਸ ਅੱਡਾ ਮਿਲਿਆ ਹੈ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਵੱਡੀ ਸਹੂਲਤ ਪ੍ਰਾਪਤ ਹੋਈ ਹੈ।
ਇਲਾਕਾ ਵਾਸੀਆਂ ਦਾ ਕਹਿਣਾ ਹੈ ਕੋਰੋਨਾ ਕਾਰਨ ਲੱਗੇ ਲੌਕਡਾਊਨ/ਕਰਫਿਊ ਦੌਰਾਨ ਲੋੜਵੰਦਾਂ ਨੂੰ ਰਾਸ਼ਨ ਤੇ ਤਿਆਰ ਖਾਣਾ ਮੁਹੱਈਆ ਕਰਵਾਉਣ ਵਿੱਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਗਈ ਅਤੇ ਉਨ੍ਹਾਂ ਕਿਹਾ ਕਿ ਸ਼ਹਿਰ ਦਾ ਜਿੰਨਾ ਵਿਕਾਸ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਦੀ ਨੁਮਾਇੰਦਗੀ ਸਦਕਾ ਹੋਇਆ ਹੈ , ਓਨਾ ਅੱਜ ਤੱਕ ਇਸ ਸ਼ਹਿਰ ਦਾ ਨਹੀਂ ਹੋਇਆ। ਇਸ ਮੌਕੇ ਪੰਚਾਇਤੀ ਰਾਜ ਸੰਗਠਨ ਦੇ ਚੇਅਰਮੈਨ ਭੁਪਿੰਦਰ ਸਿੰਘ ਬਧੌਛੀ,ਮਾਰਕਿਟ ਕਮੇਟੀ ਚਨਾਰਥਲ ਦੇ ਚੇਅਰਮੈਨ ਬਲਜਿੰਦਰ ਸਿੰਘ ਅਤਾਪੁਰ,ਮਾਰਕਿਟ ਕਮੇਟੀ ਸਰਹਿੰਦ ਦੇ ਉਪ ਚੇਅਰਮੈਨ ਬਲਵਿੰਦਰ ਸਿੰਘ ਮਾਵੀ,ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ,ਜਿਲਾ ਪ੍ਰੈੱਸ ਇੰਚਾਰਜ ਪਰਮਵੀਰ ਸਿੰਘ ਟਿਵਾਣਾ, ਸਰਪੰਚ ਜਗਦੀਪ ਸਿੰਘ ਨੰਬਰਦਾਰ,ਸਰਪੰਚ ਰਣਜੀਤ ਸਿੰਘ ਸੱਦੋਮਾਜਰਾ,ਸਰਪੰਚ ਗੁਰਦੀਪ ਸਿੰਘ ਮੰਢੌਰ,ਸਰਪੰਚ ਗੁਰਦੀਪ ਸਿੰਘ ਸੱਦੋਮਾਜਰਾ ਨਵੀਂ ਆਬਾਦੀ ਆਦਿ ਹਾਜ਼ਰ ਸਨ।