ਅਸ਼ੋਕ ਵਰਮਾ
ਬਠਿੰਡਾ, 9 ਜੁਲਾਈ 2020 - ਬਠਿੰਡਾ ਜ਼ਿਲ੍ਹੇ ਵਿੱਚ ਵੀਰਵਾਰ ਨੂੰ 7 ਲੋਕਾਂ ਦੀਆਂ ਪਾਜ਼ੀਟਿਵ ਰਿਪੋਰਟਾਂ ਪ੍ਰਾਪਤ ਹੋਈਆਂ ਹਨ। ਡਾ: ਕੁੰਦਨ ਪਾਲ ਨੇ ਦੱਸਿਆ ਕਿ ਇਨ੍ਹਾਂ ਵਿਚੋਂ 2 ਗੁਰਦਾਸਪੁਰ ਜ਼ਿਲ੍ਹੇ ਦੇ ਹਨ, 4 ਬਿਹਾਰ ਦੇ ਹਨ, ਅਤੇ ਇਕ ਬਠਿੰਡਾ ਜ਼ਿਲ੍ਹੇ ਦਾ ਹੈ ਜਿਸ ਦਾ ਟੈਸਟ ਫਰੀਦਕੋਟ ਹੋਇਆ ਸੀ ਅਤੇ ਉਹ ਪਟਿਆਲਾ ਵਿਖੇ ਨੌਕਰੀ ਕਰਦਾ ਸੀ। ਜਦ ਕਿ ਬਾਕੀ 6 ਮਜਦੂਰੀ ਕਰਦੇ ਸਨ। ਇਸ ਤੋਂ ਬਿਨਾਂ ਅੱਜ 222 ਨੈਗੇਟਿਵ ਰਿਪੋਰਟਾਂ ਵੀ ਪ੍ਰਾਪਤ ਹੋਈਆਂ ਹਨ। ਦੂਜੇ ਪਾਸੇ ਬਠਿੰਡਾ ਜਿਲ੍ਹੇ ’ਚ ਹੁਣ ਤੱਕ 14094 ਨਮੂਨੇ ਲਏ ਗਏ ਜਿੰਨਾਂ ਵਿਚੋਂ ਸਿਰਫ 164 ਦੇ ਨਮੂਨੇ ਪਾਜ਼ੀਟਿਵ ਆਏ ਹਨ। ਇਨ੍ਹਾਂ ਵਿਚੋਂ ਬਠਿੰਡਾ ਜ਼ਿਲ੍ਹੇ ਦੇ ਕੇਵਲ 123 ਹਨ। ਜਦ ਕਿ ਕੁੱਲ 164 ਵਿਚੋਂ 114 ਨੂੰ ਹੁਣ ਤੱਕ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਡਿਪਟੀ ਕਮਿਸਨਰ ਬੀ ਸ੍ਰੀ ਨਿਵਾਸਨ ਨੇ ਜਾਣਕਾਰੀ ਦਿੱਤੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤਰ੍ਹਾਂ ਜ਼ਿਲ੍ਹੇ ਵਿਚੋਂ ਲਏ ਗਏ ਨਮੂਨਿਆਂ ਵਿਚੋਂ ਕੇਵਲ 1.16 ਫੀਸਦੀ ਨਮੂਨੇ ਹੀ ਪਾਜ਼ੀਟਿਵ ਆਏ ਹਨ। ਉਨ੍ਹਾਂ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਵਿਚ ਜੋ 164 ਲੋਕ ਪਾਜ਼ੀਟਿਵ ਆਏ ਹਨ ਉਨਾਂ ਵਿਚੋਂ 123 ਬਠਿੰਡਾ ਜ਼ਿਲ੍ਹੇ ਦੇ ਹਨ ਜਦ ਕਿ ਲੁਧਿਆਣਾ, ਪਟਿਆਲਾ, ਸੰਗਰੂਰ ਦਾ ਇਕ ਇਕ, ਗੁਰਦਾਸਪੁਰ, ਮਾਨਸਾ ਅਤੇ ਮੋਗਾ ਦੇ ਦੋ ਦੋ, ਬਿਹਾਰ ਦੇ 16, ਯੁ.ਪੀ. ਦੇ 4, ਬੰਗਾਲ ਦੇ 3, ਹਰਿਆਣੇ ਦੇ 5, ਗੁਜਰਾਤ ਦੇ 2 ਦਿੱਲੀ ਦਾ ਇਕ ਵਿਅਕਤੀ ਸ਼ਾਮਿਲ ਹਨ। ਇਸ ਤੋਂ ਬਿਨਾਂ 270 ਲੋਕ ਵਿਦੇਸ਼ ਤੋਂ ਵੀ ਪਰਤੇ ਹਨ ਜਿਨ੍ਹਾਂ ਸਾਰਿਆਂ ਨੂੰ ਟਰੈਕ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਵਿਚੋਂ 107 ਇਕਾਂਤਵਾਸ ਵਿਚ ਹਨ ਜਦ ਕਿ ਬਾਕੀ ਨੇ ਇਕਾਂਤਵਾਸ ਦਾ ਸਮਾਂ ਪੂਰਾ ਕਰ ਲਿਆ ਹੈ। ਇਨ੍ਹਾਂ ਵਿਚੋਂ 239 ਦੇ ਨਮੂਨੇ ਵੀ ਲਏ ਜਾ ਚੁੱਕੇ ਹਨ ਅਤੇ ਬਾਕੀਆਂ ਦੇ ਨਮੂਨੇ ਪ੍ਰੋਟੋਕਾਲ ਅਨੁਸਾਰ ਲਏ ਜਾਣਗੇ। ਜਦ ਕਿ ਜ਼ਿਲ੍ਹੇ ਵਿਚ 4 ਮੌਤਾਂ ਹੋਈਆਂ ਹਨ।